ਰਾਸ਼ਟਰਮੰਡਲ ਖੇਡਾਂ 'ਚ ਖੇਡੀ ਜਾਵੇਗੀ ਕ੍ਰਿਕਟ, ਭਾਰਤ ਸਮੇਤ ਇਹ 8 ਟੀਮਾਂ ਲੈਣਗੀਆਂ ਹਿੱਸਾ
Tuesday, Feb 01, 2022 - 08:01 PM (IST)
 
            
            ਦੁਬਈ- ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿਚ ਸਾਰੇ ਪ੍ਰਤਿਭਾਗੀਆਂ ਦਾ ਐਲਾਨ ਕਰਨ ਵਾਲਾ ਕ੍ਰਿਕਟ ਪਹਿਲਾ ਖੇਡ ਬਣ ਗਿਆ, ਜਿਸ ਵਿਚ ਮਹਿਲਾ ਟੀ-20 ਟੂਰਨਾਮੈਂਟ 'ਚ ਸ਼੍ਰੀਲੰਕਾ 8ਵੀਂ ਟੀਮ ਹੋਵੇਗੀ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਅਤੇ ਰਾਸ਼ਟਰਮੰਡਲ ਖੇਡ ਮਹਾਸੰਘ ਨੇ ਕੁਆਲਾਲਮਪੁਰ ਵਿਚ ਪਿਛਲੇ ਹਫਤੇ ਰਾਸ਼ਟਰਮੰਡਲ ਖੇਡ ਕੁਆਲੀਫਾਇਰ ਵਿਚ ਸ਼੍ਰੀਲੰਕਾ ਦੀ ਜਿੱਤ ਤੋਂ ਬਾਅਦ ਇਸਦਾ ਐਲਾਨ ਕੀਤਾ।

ਆਸਟਰੇਲੀਆ, ਬਾਰਬਾਡੋਸ, ਇੰਗਲੈਂਡ, ਭਾਰਤ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਅਤੇ ਪਾਕਿਸਤਾਨ ਪਹਿਲਾਂ ਹੀ ਕੁਆਲੀਫਾਈ ਕਰ ਚੁੱਕਿਆ ਹੈ। ਇਸ ਤੋਂ ਪਹਿਲਾਂ 1998 ਵਿਚ ਇਕ ਵਾਰ ਪੁਰਸ਼ ਕ੍ਰਿਕਟ ਇੰਨਾਂ ਖੇਡਾਂ ਦਾ ਹਿੱਸਾ ਸੀ। ਉਸ ਸਮੇਂ ਸ਼ਾਨ ਪੋਲਾਕ ਦੀ ਕਪਤਾਨੀ ਵਾਲੀ ਦੱਖਣੀ ਅਫਰੀਕਾ ਟੀਮ ਨੇ ਸਟੀਵ ਵਾ ਦੀ ਆਸਟਰੇਲੀਆਈ ਟੀਮ ਨੂੰ ਫਾਈਨਲ ਵਿਚ 4 ਵਿਕਟਾਂ ਨਾਲ ਹਰਾਇਆ ਸੀ। ਇਸ ਵਾਰ ਲੀਗ ਸਹਿ ਨਾਕਆਊਟ ਟੂਰਨਾਮੈਂਟ 29 ਜੁਲਾਈ ਨੂੰ ਆਸਟਰੇਲੀਆ ਅਤੇ ਭਾਰਤ ਦੇ ਵਿਚ ਮੈਚ ਤੋਂ ਸ਼ੁਰੂ ਹੋਵੇਗਾ।
ਫਾਈਨਲ 7 ਅਗਸਤ ਨੂੰ ਖੇਡਿਆ ਜਾਵੇਗਾ। ਬਾਰਬਾਡੋਸ, ਪਾਕਿਸਤਾਨ, ਆਸਟਰੇਲੀਆ ਤੇ ਭਾਰਤ ਗਰੁੱਪ-ਏ ਵਿਚ ਹਨ, ਜਦਕਿ ਇੰਗਲੈਂਡ, ਨਿਊਜ਼ੀਲੈਂਡ, ਦੱਖਣੀ ਅਫਰੀਕਾ ਤੇ ਸ਼੍ਰੀਲੰਕਾ ਗਰੁੱਪ-ਬੀ ਵਿਚ ਹਨ। ਆਈ. ਸੀ. ਸੀ., ਸੀ. ਜੀ. ਐੱਫ. ਅਤੇ ਰਾਸ਼ਟਰਮੰਡਲ ਖੇਡ ਸ਼੍ਰੀਲੰਕਾ ਨੇ ਸ਼੍ਰੀਲੰਕਾਈ ਟੀਮ ਨੂੰ ਕੁਆਲੀਫਾਈ ਕਰਨ 'ਤੇ ਵਧਾਈ ਦਿੱਤੀ ਹੈ। ਬਰਮਿੰਘਮ ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ 8 ਅਗਸਤ ਤੱਕ ਖੇਡੀਆਂ ਜਾਣਗੀਆਂ, ਜਿਸ ਵਿਚ 72 ਦੇਸ਼ਾਂ ਦੇ 4500 ਖਿਡਾਰੀ ਹਿੱਸਾ ਲੈਣਗੇ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            