ਕ੍ਰਿਕਟ ਦਾ ਆਨੰਦ ਲੈ ਕੇ ਆਰਥਿਕ ਸੰਕਟ ਤੋਂ ਧਿਆਨ ਹਟਾ ਰਹੇ ਹਨ ਸ਼੍ਰੀਲੰਕਾਈ
Wednesday, Jul 06, 2022 - 02:45 PM (IST)
ਗਾਲੇ (ਏਜੰਸੀ) : ਸ੍ਰੀਲੰਕਾ ਦੇ ਲੋਕ ਦੇਸ਼ ਦੇ ਆਰਥਿਕ ਸੰਕਟ ਤੋਂ ਧਿਆਨ ਹਟਾਉਣ ਲਈ ਕ੍ਰਿਕਟ ਦੀ ਖੇਡ ਦਾ ਆਨੰਦ ਮਾਣ ਰਹੇ ਹਨ। ਸ਼੍ਰੀਲੰਕਾ ਹਾਲ ਹੀ ਦੇ ਸਮੇਂ ਵਿੱਚ ਆਪਣੇ ਸਭ ਤੋਂ ਬਦਤਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਤੇਲ ਅਤੇ ਰਸੋਈ ਗੈਸ ਖ਼ਰੀਦਣ ਲਈ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਹਨ ਅਤੇ ਪਬਲਿਕ ਟਰਾਂਸਪੋਰਟ ਉਪਲੱਬਧ ਨਾ ਹੋਣ ਕਾਰਨ ਸਕੂਲਾਂ ਅਤੇ ਦਫ਼ਤਰਾਂ ਵਿੱਚ ਕੰਮਕਾਜ ਵਿਚ ਵਿਘਨ ਪਿਆ ਹੈ। ਕ੍ਰਿਕਟ ਦੇ ਦੀਵਾਨੇ ਇਸ ਦੱਖਣੀ ਏਸ਼ੀਆਈ ਦੇਸ਼ ਵਿੱਚ ਭੋਜਨ, ਤੇਲ ਅਤੇ ਦਵਾਈਆਂ ਦੀ ਭਾਰੀ ਕਮੀ ਹੈ। ਸਰਕਾਰ ਨੇ ਸਕੂਲ ਅਤੇ ਯੂਨੀਵਰਸਿਟੀਆਂ ਬੰਦ ਕਰ ਦਿੱਤੀਆਂ ਹਨ ਅਤੇ ਤੇਲ ਦੀ ਸੀਮਤ ਸਪਲਾਈ ਹੋ ਰਹੀ ਹੈ।
ਆਪਣੇ 10 ਸਾਲ ਦੇ ਬੇਟੇ ਨਾਲ ਸ੍ਰੀਲੰਕਾ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ ਦੇਖਣ ਲਈ ਗਾਲੇ ਪਹੁੰਚੇ ਉਜੀਤ ਨੀਲਾਂਥਾ ਨੇ ਕਿਹਾ, ''ਹਾਂ, ਦੇਸ਼ 'ਚ ਸਮੱਸਿਆਵਾਂ ਹਨ, ਲੋਕ ਗ਼ਰੀਬ ਹੋ ਰਹੇ ਹਨ ਅਤੇ ਸਮੱਸਿਆਵਾਂ ਦੇ ਸਾਹਮਣੇ ਲਾਚਾਰ ਹੋ ਰਹੇ ਹਨ। ਅਸੀਂ ਕਈ ਵਾਰ ਤੇਲ ਲਈ ਪੰਜ, ਛੇ ਜਾਂ ਸੱਤ ਦਿਨ ਕਤਾਰ ਵਿਚ ਬਿਤਾਉਂਦੇ ਹਾਂ।' ਉਨ੍ਹਾਂ ਕਿਹਾ, 'ਬੱਚਿਆਂ ਲਈ ਕੋਈ ਖੁਸ਼ੀ ਨਹੀਂ ਹੈ ਅਤੇ ਅਸੀਂ ਬੱਚਿਆਂ ਨੂੰ ਉਹ ਦੇਣ ਦੇ ਯੋਗ ਨਹੀਂ ਹਾਂ ਜੋ ਉਨ੍ਹਾਂ ਨੂੰ ਚਾਹੀਦਾ ਹੈ। ਜਦੋਂ ਅਸੀਂ ਇਸ (ਕ੍ਰਿਕਟ) ਨੂੰ ਦੇਖਦੇ ਹਾਂ, ਤਾਂ ਅਸੀਂ ਮਾਨਸਿਕ ਤੌਰ 'ਤੇ ਬਿਹਤਰ ਮਹਿਸੂਸ ਕਰਦੇ ਹਾਂ।'