ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ: ਭਾਰਤ ਦੀ ਝੋਲੀ ਪਏ 2 ਹੋਰ ਤਮਗੇ

Tuesday, Dec 14, 2021 - 04:35 PM (IST)

ਤਾਸ਼ਕੰਦ (ਵਾਰਤਾ)- ਭਾਰਤ ਨੇ ਸੋਮਵਾਰ ਨੂੰ ਤਾਸ਼ਕੰਦ ਵਿਚ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ਵਿਚ 2 ਹੋਰ ਤਮਗੇ ਜਿੱਤੇ, ਜਿਸ ਵਿਚ ਭਾਰਤੀ ਵੇਟਲਿਫਟਰ ਹਰਜਿੰਦਰ ਕੌਰ ਅਤੇ ਲਾਲਛਨਹਿਮੀ ਨੇ 71 ਕਿਲੋਗ੍ਰਾਮ ਮਹਿਲਾ ਵਰਗ ਵਿਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ। ਖੇਲੋ ਇੰਡੀਆ ਗੇਮਜ਼ 2020 ਦੀ ਚੈਂਪੀਅਨ ਹਰਜਿੰਦਰ ਨੇ ਜਿੱਥੇ ਸਨੈਚ ਵਿਚ 90 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿਚ 121 ਕਿਲੋਗ੍ਰਾਮ ਭਾਰ ਮਿਲਾ ਕੇ ਕੁੱਲ 211 ਕਿਲੋਗ੍ਰਾਮ ਭਾਰ ਚੁੱਕ ਕੇ ਚਾਂਦੀ ਦਾ ਤਗਮਾ ਜਿੱਤਿਆ, ਉੱਥੇ ਹੀ ਲਾਲਛਨਹਿਮੀ ਨੇ ਸਨੈਚ ਵਿਚ 90 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿਚ 119 ਕਿਲੋਗ੍ਰਾਮ ਨੂੰ ਮਿਲਾ ਕੇ ਕੁੱਲ 209 ਕਿਲੋਗ੍ਰਾਮ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਜਿੱਤਿਆ। ਦੋਵੇਂ ਭਾਰਤੀ ਵੇਟਲਿਫਟਰ ਹਾਲਾਂਕਿ ਮੁਕਾਬਲੇ ਵਿਚ ਚੋਟੀ ਦੀ 10 ਰੈਂਕਿੰਗ ਵਿਚ ਜਗ੍ਹਾ ਨਹੀਂ ਬਣਾ ਸਕੀਆਂ।

ਇਹ ਵੀ ਪੜ੍ਹੋ : ਅਜੈ ਸਿੰਘ ਨੇ ਰਾਸ਼ਟਰ ਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ’ਚ ਭਾਰਤ ਲਈ ਜਿੱਤਿਆ ਤੀਜਾ ਸੋਨ ਤਮਗਾ

ਚੈਂਪੀਅਨਸ਼ਿਪ ਰੈਂਕਿੰਗ ਵਿਚ ਹਰਜਿੰਦਰ 12ਵੇਂ ਜਦਕਿ ਲਾਲਛਨਹਿਮੀ 13ਵੇਂ ਸਥਾਨ ’ਤੇ ਰਹੀ। 71 ਕਿਲੋਗ੍ਰਾਮ ਮਹਿਲਾ ਵਰਗ ਵਿਚ ਨਾਈਜੀਰੀਆ ਦੀ ਜੋਏ ਓਗਬੋਨ ਏਜੇ ਨੇ ਸਨੈਚ ਵਿਚ 100 ਕਿਲੋਗ੍ਰਾਮ ਅਤੇ ਕਲੀਨ ਐਂਡ ਜਰਕ ਵਿਚ 130 ਕਿਲੋਗ੍ਰਾਮ ਯਾਨੀ ਕੁੱਲ 230 ਕਿਲੋਗ੍ਰਾਮ ਭਾਰ ਚੁੱਕ ਕੇ ਨਾ ਸਿਰਫ਼ ਸੋਨ ਤਮਗਾ ਜਿੱਤਿਆ, ਸਗੋਂ ਬਰਮਿੰਘਮ ਵਿਚ 2022 ਦੀਆਂ ਰਾਸ਼ਟਰਮੰਡਲ ਖੇਡਾਂ ਲਈ ਵੀ ਸਿੱਧੇ ਤੌਰ ’ਤੇ ਕੁਆਲੀਫਾਈ ਕੀਤਾ। ਸੱਤ ਵਾਰ ਦੇ ਰਾਸ਼ਟਰੀ ਜੇਤੂ ਵਿਕਾਸ ਠਾਕੁਰ ਅਤੇ ਜਗਦੀਸ਼ ਵਿਸ਼ਵਕਰਮਾ ਮੰਗਲਵਾਰ ਨੂੰ 96 ਕਿਲੋਗ੍ਰਾਮ ਵਰਗ ਵਿਚ ਮੁਕਾਬਲਾ ਕਰਦੇ ਨਜ਼ਰ ਆਉਣਗੇ, ਜਦਕਿ ਪੂਨਮ ਯਾਦਵ ਅਤੇ ਅਰੋਕੀਆ ਅਲੀਸ਼ ਵੀ 76 ਕਿਲੋਗ੍ਰਾਮ ਮਹਿਲਾ ਵਰਗ ਵਿਚ ਆਪਣੀ ਚੁਣੌਤੀ ਪੇਸ਼ ਕਰਨਗੀਆਂ। ਜ਼ਿਕਰਯੋਗ ਹੈ ਕਿ ਤਾਸ਼ਕੰਦ ਵਿਚ ਰਾਸ਼ਟਰਮੰਡਲ ਵੇਟਲਿਫਟਿੰਗ ਚੈਂਪੀਅਨਸ਼ਿਪ ਅਤੇ ਵਿਸ਼ਵ ਵੇਟਲਿਫਟਿੰਗ ਚੈਂਪੀਅਨਸ਼ਿਪ ਇੱਕੋ ਸਮੇਂ ਕਰਵਾਈ ਜਾ ਰਹੀ ਹੈ, ਜੋ ਕਿ 17 ਦਸੰਬਰ ਤੱਕ ਚੱਲੇਗੀ। ਇਨ੍ਹਾਂ ਦੋਵਾਂ ਮੁਕਾਬਲਿਆਂ ਵਿਚ ਭਾਰਤੀ ਖਿਡਾਰੀ ਹਿੱਸਾ ਲੈ ਰਹੇ ਹਨ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News