ਸਰਫਰਾਜ਼ ਨੂੰ ਲੱਗ ਸਕਦੈ ਵੱਡਾ ਝਟਕਾ, ਕੋਚ ਨੇ ਕਪਤਾਨੀ ਤੋਂ ਹਟਾਉਣ ਦੀ ਕੀਤੀ ਮੰਗ
Monday, Aug 05, 2019 - 02:51 PM (IST)

ਨਵੀਂ ਦਿੱਲੀ : ਆਈ. ਸੀ. ਸੀ. ਕ੍ਰਿਕਟ ਵਰਲਡ ਕੱਪ ਦੇ ਸੈਮੀਫਾਈਨਲ ਵਿਚ ਜਗ੍ਹਾ ਨਹੀਂ ਬਣਾ ਸਕਣ ਦਾ ਨੁਕਸਾਨ ਹੁਣ ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੂੰ ਭੁਗਤਣਾ ਪੈ ਸਕਦਾ ਹੈ। ਰਿਪੋਰਟ ਮੁਤਾਬਕ ਪਾਕਿਸਤਾਨ ਦੇ ਕੋਚ ਮਿਕੀ ਆਰਥਰ ਨੇ ਸਰਫਰਾਜ਼ ਅਹਿਮਦ ਨੂੰ ਕਪਤਾਨੀ ਤੋਂ ਹਟਾਉਣ ਦੀ ਸਿਫਾਰਿਸ਼ ਕੀਤੀ ਹੈ। ਪੀ. ਸੀ. ਬੀ. ਕਮੇਟੀ ਦੀ ਬੈਠਕ ਵਿਚ ਸਰਫਰਾਜ਼ ਅਹਿਮਦ ਦੀ ਕਪਤਾਨੀ ਵਿਚ ਟੀਮ ਦੇ ਪ੍ਰਦਰਸ਼ਨ ਦੀ ਸਮੀਖਿਆ ਹੋਈ ਜਿਸ ਵਿਚ ਕੋਚ ਆਰਥਰ ਨੇ ਉਸ ਨੂੰ ਹਟਾਉਣ ਦੀ ਮੰਗ ਕਰ ਦਿੱਤੀ ਹੈ। ਸੂਤਰਾਂ ਮੁਤਾਬਕ ਮਿਕੀ ਆਰਥਰ ਨੇ ਬੈਠਕ ਵਿਚ ਵਨ ਡੇ ਅਤੇ ਟੈਸਟ ਟੀਮ ਦੇ ਵੱਖ-ਵੱਖ ਕਪਤਾਨ ਬਣਾਉਣ ਦੀ ਗੱਲ ਕਹੀ।
ਸ਼ਾਦਾਬ-ਬਾਬਰ ਨੂੰ ਕਪਤਾਨ ਬਣਾਉਣ ਦੀ ਸਿਫਾਰਿਸ਼
ਪੀ. ਸੀ. ਬੀ. ਕ੍ਰਿਕਟ ਕਮੇਟੀ ਦੀ ਬੈਠਕ ਵਿਚ ਮਿਕੀ ਆਰਥਰ ਨੇ ਵਨ ਡੇ ਅਤੇ ਟੀ-20 ਟੀਮ ਦੀ ਕਮਾਨ ਸਪਿਨਰ ਸ਼ਾਦਾਬ ਖਾਨ ਨੂੰ ਸੌਂਪਣ ਦੀ ਗੱਲ ਕਹੀ। ਉੱਥੇ ਹੀ ਉਸਨੇ ਟੈਸਟ ਕ੍ਰਿਕਟ ਵਿਚ ਬਾਬਰ ਆਜ਼ਮ ਨੂੰ ਕਪਤਾਨ ਬਣਾਉਣ ਦੀ ਸਿਫਾਰਿਸ਼ ਕੀਤੀ। ਬੁੱਧਵਾਰ ਨੂੰ ਕਮੇਟੀ ਦੀ ਬੈਠਕ ਇਕ ਵਾਰ ਫਿਰ ਹੋਵੇਗੀ ਇਸ ਤੋਂ ਬਾਅਦ ਆਰਥਰ ਦੀ ਸਿਫਾਰਿਸ਼ 'ਤੇ ਕੁਝ ਫੈਸਲਾ ਲਿਆ ਜਾਵੇਗਾ।
ਸਰਫਰਾਜ਼ ਦੀ ਕਪਤਾਨੀ ਦਾ ਰਿਕਾਰਡ
ਸਰਫਰਾਜ਼ ਅਹਿਮਦ ਦੀ ਕਪਤਾਨੀ ਦੀ ਗੱਲ ਕਰੀਏ ਤਾਂ ਉਸਨੇ 48 ਵਨ ਡੇ ਮੈਚਾਂ ਵਿਚ ਪਾਕਿਸਤਾਨ ਟੀਮ ਦੀ ਅਗਵਾਈ ਕੀਤੀ ਜਿਸ ਵਿਚੋਂ 26 ਮੁਕਾਬਲਿਆਂ ਵਿਚ ਜਿੱਤ ਅਤੇ 20 ਮੈਚਾਂ ਵਿਚ ਪਾਕਿ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉੱਥੇ ਹੀ 2 ਮੈਚਾਂ ਦਾ ਕੋਈ ਨਤੀਜਾ ਨਹੀਂ ਆਇਆ। ਟੈਸਟ ਵਿਚ ਸਰਫਰਾਜ਼ ਦੀ ਕਪਤਾਨੀ ਵਿਚ ਪਾਕਿ ਟੀਮ 13 ਮੈਚਾਂ ਵਿਚੋਂ ਸਿਰਫ 4 ਮੈਚ ਹੀ ਜਿੱਤ ਸਕਿਆ ਜਦਕਿ 8 ਮੈਚਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਸਰਫਰਾਜ਼ ਦੀ ਕਪਤਾਨੀ ਵਿਚ ਪਾਕਿ ਟੀਮ ਦੀ ਜਿੱਤ ਦੀ ਫੀਸਦੀ ਸਿਰਫ 30 ਫੀਸਦੀ ਹੈ।