ਡੰਕੀ ਲਗਾ ਕੇ ਨੌਜਵਾਨਾਂ ਨੂੰ ਡੌਂਕਰਾਂ ਕੋਲ ਫਸਾਉਣ ''ਤੇ ਵੱਡਾ ਖ਼ੁਲਾਸਾ, ਜਲੰਧਰ ਨਾਲ ਜੁੜੇ ਤਾਰ
Thursday, Apr 24, 2025 - 05:08 PM (IST)

ਜਲੰਧਰ (ਵਰੁਣ)–ਡੰਕੀ ਲਗਵਾ ਕੇ ਵਿਦੇਸ਼ ਭੇਜਣ ਵਾਲੇ ਏਜੰਟਾਂ ਦੇ ਗੈਂਗ ਦੀਆਂ ਜੜ੍ਹਾਂ ਜਲੰਧਰ ਵਿਚ ਨਿਕਲੀਆਂ ਹਨ। ਕਈ ਸਾਲਾਂ ਤੋਂ ਲਗਭਗ ਅੱਧਾ ਦਰਜਨ ਏਜੰਟ ਇਸ ਧੰਦੇ ਵਿਚ ਸ਼ਾਮਲ ਹਨ, ਜਿਨ੍ਹਾਂ ਕੋਲ ਨਾ ਤਾਂ ਕੋਈ ਦਫ਼ਤਰ ਹੈ ਅਤੇ ਨਾ ਹੀ ਲਾਇਸੈਂਸ ਪਰ ਫਿਰ ਵੀ ਉਕਤ ਏਜੰਟ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਡੰਕੀ ਰੂਟ ’ਤੇ ਭੇਜਦੇ ਹਨ ਅਤੇ ਦੇਸ਼ ਵਿਚੋਂ ਨਿਕਲਣ ਤੋਂ ਬਾਅਦ ਜੰਗਲਾਂ ਵਿਚ ਲਿਜਾ ਕੇ ਇਨ੍ਹਾਂ ਹੀ ਏਜੰਟਾਂ ਦੇ ਡੌਂਕਰ ਉਨ੍ਹਾਂ ਲੋਕਾਂ ਨੂੰ ਬੰਧਕ ਬਣਾ ਕੇ ਹੋਰ ਪੈਸਿਆਂ ਦੀ ਮੰਗ ਕਰਦੇ ਹਨ। ਮਾਮਲਾ ਜਦੋਂ ਬੰਧਕ ਬਣੇ ਲੋਕਾਂ ਦੇ ਘਰ ਵਾਲਿਆਂ ਤਕ ਪਹੁੰਚਦਾ ਹੈ ਤਾਂ ਫਿਰ ਏਜੰਟਾਂ ਦੀ ਐਂਟਰੀ ਹੁੰਦੀ ਹੈ, ਜੋ ਮੰਗੀ ਗਈ ਰਕਮ ਨੂੰ ਘੱਟ ਕਰਕੇ ਡੌਂਕਰ ਨਾਲ ਸੈਟਿੰਗ ਕਰਵਾ ਕੇ ਲੋਕਾਂ ਨੂੰ ਛੁਡਵਾ ਦਿੰਦੇ ਹਨ, ਜਦਕਿ ਉਸ ਰਕਮ ਦੀ ਅੱਧੀ ਰਾਸ਼ੀ ਏਜੰਟਾਂ ਨੂੰ ਮਿਲ ਜਾਂਦੀ ਹੈ।
ਇਹ ਵੀ ਪੜ੍ਹੋ: ਪਹਿਲਗਾਮ ਹਮਲੇ ਦਾ ਪੰਜਾਬ 'ਚ ਅਸਰ, ਕਪੂਰਥਲਾ ਰਿਹਾ ਪੂਰੀ ਤਰ੍ਹਾਂ ਬੰਦ
ਇਹ ਇਕ ਉੱਚ ਅਧਿਕਾਰੀ ਦੇ ਖਾਸ ਟਾਊਟ ਵਜੋਂ ਕੰਮ ਕਰਦੇ ਹਨ ਅਤੇ ਏਜੰਟੀ ਦੇ ਕੰਮ ’ਤੇ ਕੋਈ ਪੁਲਸ ਐਕਸ਼ਨ ਹੁੰਦਾ ਹੈ ਤਾਂ ਉਹ ਉਸੇ ਉੱਚ ਅਧਿਕਾਰੀ ਦੀ ਸ਼ਰਨ ਵਿਚ ਜਾ ਕੇ ਬਚ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਪੁਲਸ ਦੀਆਂ ਨਜ਼ਰਾਂ ਵਿਚ ਬਿਹਤਰ ਟਾਊਟ ਬਣਨ ਲਈ ਏਜੰਟਾਂ ਨੇ ਪਹਿਲਾਂ ਨਸ਼ਾ ਸਮੱਗਲਰਾਂ ਨਾਲ ਦੋਸਤੀ ਵੀ ਕੀਤੀ ਹੁੰਦੀ ਹੈ ਅਤੇ ਫਿਰ ਉਨ੍ਹਾਂ ਹੀ ਨਸ਼ਾ ਸਮੱਗਲਰਾਂ ਨੂੰ ਟ੍ਰੈਪ ਲਗਾ ਕੇ ਫੜਾਉਣ ਦਾ ਕੰਮ ਵੀ ਕਰਦੇ ਹਨ।
ਹਾਲਾਂਕਿ ਇਕ ਕਥਿਤ ਏਜੰਟ ਖ਼ਿਲਾਫ਼ ਜਲੰਧਰ ਪੁਲਸ ਨੇ ਕੇਸ ਵੀ ਦਰਜ ਕੀਤੇ ਹੋਏ ਹਨ, ਜਿਸ ਤੋਂ ਬਾਅਦ ਉਸ ਨੇ ਜਲੰਧਰ ਤੋਂ ਆਪਣਾ ਪੈਕਅਪ ਕਰਕੇ ਘੁੰਮ-ਫਿਰ ਕੇ ਹੀ ਕੰਮ ਸ਼ੁਰੂ ਕਰ ਲਿਆ ਸੀ। ਏਜੰਟ ਇੰਨੇ ਸ਼ਾਤਿਰ ਹਨ ਕਿ ਉਨ੍ਹਾਂ ਨੇ ਕਈ ਨੇਤਾਵਾਂ ਨਾਲ ਵੀ ਯਾਰੀ ਪਾਈ ਹੋਈ ਹੈ, ਜੋ ਆਉਣ ਵਾਲੇ ਸਮੇਂ ਵਿਚ ਨੇਤਾਵਾਂ ਲਈ ਵੀ ਭਾਰੀ ਪੈ ਸਕਦੀ ਹੈ ਕਿਉਂਕਿ ਇਨ੍ਹਾਂ ਏਜੰਟਾਂ ਦੀ ਪੋਲ ਖੋਲ੍ਹਣ ਲਈ ਦਿੱਲੀ ਤੋਂ ਪੁਲਸ ਟੀਮ ਕਦੇ ਵੀ ਜਲੰਧਰ ਵਿਚ ਦਬਿਸ਼ ਦੇ ਸਕਦੀ ਹੈ।
ਇਹ ਵੀ ਪੜ੍ਹੋ: ਅਮਰੀਕਾ ਦੀ ਬਜਾਏ ਇੰਡੋਨੇਸ਼ੀਆ ਭੇਜਿਆ, ਬੰਧਕ ਬਣਾ ਠੱਗੇ ਕਰੋੜਾਂ ਰੁਪਏ, ਪਿਓ-ਪੁੱਤ ਦੇ ਕਾਰਨਾਮੇ ਨੇ ਉਡਾਏ ਹੋਸ਼
ਏਜੰਟਾਂ ਅਤੇ ਡੌਂਕਰਾਂ ਵਿਚ ਚੱਲ ਰਹੀ ਪਾਰਟਨਰਸ਼ਿਪ ਦਾ ਵੀ ਜਲਦ ਖ਼ੁਲਾਸਾ ਕੀਤਾ ਜਾਵੇਗਾ। ਹਾਲ ਹੀ ਵਿਚ ਜਦੋਂ ਅਮਰੀਕਾ ਨੇ ਨਾਜਾਇਜ਼ ਤਰੀਕੇ ਨਾਲ ਰਹਿ ਰਹੇ ਲੋਕਾਂ ਨੂੰ ਡਿਪੋਰਟ ਕਰਕੇ ਭਾਰਤ ਭੇਜਿਆ ਤਾਂ ਇਨ੍ਹਾਂ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਸਨ, ਜਿਸ ਤੋਂ ਬਾਅਦ ਉਕਤ ਏਜੰਟ ਘਰਾਂ ਤੋਂ ਗਾਇਬ ਵੀ ਰਹੇ ਪਰ ਹੁਣ ਲੋਕਾਂ ਨੂੰ ਠੱਗਣ ਲਈ ਉਹ ਦੋਬਾਰਾ ਐਕਟਿਵ ਹੋ ਚੁੱਕੇ ਹਨ।
ਇਹ ਵੀ ਪੜ੍ਹੋ: ਜਲੰਧਰ ਵਾਸੀ ਦੇਣ ਧਿਆਨ, ਸ਼ਾਮ 5 ਵਜੇ ਤੋਂ ਰਾਤ 8 ਵਜੇ ਤੱਕ ਇਸ ਸੜਕ 'ਤੇ ਲੱਗੀ ਇਹ ਪਾਬੰਦੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e