ਪੁਲਿਸਿਚ ਚੈਂਪੀਅਨਜ਼ ਲੀਗ ਫ਼ਾਈਨਲ ’ਚ ਖੇਡਣ ਵਾਲੇ ਪਹਿਲੇ ਅਮਰੀਕੀ ਬਣੇ

Sunday, May 30, 2021 - 05:57 PM (IST)

ਪੁਲਿਸਿਚ ਚੈਂਪੀਅਨਜ਼ ਲੀਗ ਫ਼ਾਈਨਲ ’ਚ ਖੇਡਣ ਵਾਲੇ ਪਹਿਲੇ ਅਮਰੀਕੀ ਬਣੇ

ਪੋਰਟੋ— ਕ੍ਰਿਸਟੀਅਨ ਪੁਲਿਸਿਚ ਦੁਨੀਆ ਦੇ ਸਭ ਤੋਂ ਵੱਡੇ ਕਲੱਬ ਫ਼ੁੱਟਬਾਲ ਟੂਰਨਾਮੈਂਟ ਚੈਂਪੀਅਨਜ਼ ਲੀਗ ਦੇ ਫ਼ਾਈਨਲ ’ਚ ਖੇਡਣ ਵਾਲੇ ਪਹਿਲੇ ਅਮਰੀਕੀ ਬਣ ਗਏ ਹਨ ਤੇ ਉਨ੍ਹਾਂ ਦੀ ਟੀਮ ਜੇਤੂ ਬਣਨ ’ਚ ਸਫਲ ਰਹੀ ਹੈ। ਚੇਲਸੀ ਦੇ ਫ਼ਾਰਵਰਡ ਪੁਲਿਸਿਚ 66ਵੇਂ ਮਿੰਟ ’ਚ ਬਦਲਵੇਂ ਖਿਡਾਰੀ ਦੇ ਰੂਪ ’ਚ ਮੈਦਾਨ ’ਤੇ ਉਤਰੇ। ਉਦੋਂ ਉਨ੍ਹਾਂ ਦੀ ਟੀਮ ਮੈਨਚੈਸਟਰ ਸਿਟੀ ਦੇ ਖ਼ਿਲਾਫ਼ 1-0 ਨਾਲ ਅੱਗੇ ਚਲ ਰਹੀ ਸੀ। ਇਹ 22 ਸਾਲਾ ਖਿਡਾਰੀ 2019 ’ਚ ਜਰਮਨ ਕਲੱਬ ਬੋਰੂਸੀਆ ਡੋਰਟਮੰਡ ਤੋਂ ਚੇਲਸੀ ਨਾਲ ਜੁੜਿਆ ਸੀ। ਉਸ ਕੋਲ ਫ਼ਾਈਨਲ ’ਚ ਗੋਲ ਕਰਨ ਦਾ ਮੌਕਾ ਵੀ ਸੀ। 

ਉਨ੍ਹਾਂ ਨੇ 73ਵੇਂ ਮਿੰਟ ’ਚ ਸਿਟੀ ਦੇ ਗੋਲਕੀਪਰ ਐਡਰਸਨ ਮੋਰੀਆਸ ਨੂੰ ਚਕਮਾ ਦੇ ਕੇ ਗੋਲ ਵੱਲ ਸ਼ਾਟ ਲਾਇਆ ਪਰ ਇਹ ਬਾਹਰ ਚਲਾ ਗਿਆ। ਪੁਲਿਸਿਚ ਨੇ ਕਿਹਾ ਕਿ ਮੈਨੂੰ ਤਾਂ ਮੌਕਾ ਮਿਲਿਆ ਸੀ। ਕਾਸ਼ ਮੈਂ ਉਸ ਦਾ ਫ਼ਾਇਦਾ ਚੁੱਕ ਸਕਦਾ। ਮੈਂ ਗੇਂਦ ’ਤੇ ਚੰਗੀ ਤਰ੍ਹਾਂ ਸ਼ਾਟ ਨਹੀਂ ਲਗਾ ਸਕਿਆ ਪਰ ਅਖ਼ੀਰ ’ਚ ਸਾਡੀ ਟੀਮ ਜਿੱਤੀ ਤੇ ਮੈਨੂੰ ਉਸ ’ਤੇ ਮਾਣ ਹੈ। ਸਿਟੀ ਦੀ ਟੀਮ ’ਚ ਵੀ ਅਮਰੀਕਾ ਦੇ ਗੋਲਕੀਪਰ ਜਾਕ ਸਟੀਫ਼ਨ ਸ਼ਾਮਲ ਸਨ ਪਰ ਉਨ੍ਹਾਂ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ।


author

Tarsem Singh

Content Editor

Related News