ਕ੍ਰਿਸ ਗੇਲ ਜਮੈਕਾ ਦੇ ਘਰੇਲੂ ਮੈਦਾਨ ’ਤੇ ਖੇਡਣਗੇ ਵਿਦਾਈ ਮੈਚ
Wednesday, Dec 08, 2021 - 12:59 PM (IST)
ਜਮੈਕਾ– ਅਗਲੇ ਸਾਲ 8 ਜਨਵਰੀ ਤੋਂ 16 ਜਨਵਰੀ ਦਰਮਿਆਨ ਵੈਸਟਇੰਡੀਜ਼ ਆਇਰਲੈਂਡ ਦੀ ਮੇਜ਼ਬਾਨੀ ਕਰੇਗਾ। ਇਸ ਸੀਰੀਜ਼ ਵਿਚ 3 ਵਨ ਡੇ ਤੇ 1 ਟੀ-20 ਕੌਮਾਂਤਰੀ ਮੈਚ ਖੇਡਿਆ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਇਹ ਕ੍ਰਿਸ ਗੇਲ ਦਾ ਵਿਦਾਈ ਮੈਚ ਹੋਵੇਗਾ ਕਿਉਂਕਿ ਟੀ-20 ਵਿਸ਼ਵ ਕੱਪ ਦੇ ਸਮੇਂ ਗੇਲ ਨੇ ਆਪਣੇ ਘਰੇਲੂ ਮੈਦਾਨ ਜਮੈਕਾ ਤੋਂ ਹੀ ਕ੍ਰਿਕਟ ਤੋਂ ਵਿਦਾਈ ਲੈਣ ਦੀ ਇੱਛਾ ਜ਼ਾਹਿਰ ਕੀਤੀ ਸੀ ਹਾਲਾਂਕਿ ਇਸ ਦੌਰਾਨ ਗੇਲ ਵਨ ਡੇ ਸੀਰੀਜ਼ ਦਾ ਹਿੱਸਾ ਨਹੀਂ ਹੋਵੇਗਾ।
ਇਹ ਸੀਰੀਜ਼ ਵਿਸ਼ਵ ਕੱਪ ਸੁਪਰ ਲੀਗ ਦਾ ਹਿੱਸਾ ਹੋਵੇਗੀ, ਜਿਸ ਦੇ ਅੰਕਾਂ ਦੇ ਆਧਾਰ ’ਤੇ 2023 ਵਨ ਡੇ ਵਿਸ਼ਵ ਕੱਪ ਦੀਆਂ ਟੀਮਾਂ ਤੈਅ ਕੀਤੀਆਂ ਜਾਣਗੀਆਂ। ਕ੍ਰਿਕਟ ਵੈਸਟਇੰਡੀਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਾਨੀ ਗ੍ਰੇਵ ਨੇ ਕਿਹਾ, ‘‘ਸਾਨੂੰ ਲੋਕਾਂ ਨੂੰ ਵੀ ਲੱਗਾ ਕਿ ਉਸ ਨੂੰ ਆਪਣੇ ਘਰ ਤੋਂ ਹੀ ਕੌਮਾਂਤਰੀ ਕ੍ਰਿਕਟ ਨੂੰ ਅਲਵਿਦਾ ਕਹਿਣਾ ਚਾਹੀਦਾ ਹੈ। ਆਇਰਲੈਂਡ ਖ਼ਿਲਾਫ਼ ਸੀਰੀਜ਼ ਵਿਚ ਸਾਨੂੰ ਇਹ ਮੌਕਾ ਮਿਲੇਗਾ। ਕ੍ਰਿਸ ਗੇਲ ਵਰਗੇ ਮਹਾਨ ਕੱਦ ਦੇ ਖਿਡਾਰੀ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਤੇ ਠੀਕ ਹੈ ਕਿ ਉਹ ਆਪਣੇ ਘਰੇਲੂ ਸਮਰਥਕਾਂ ਦੇ ਸਾਹਮਣੇ ਉਨ੍ਹਾਂ ਨੂੰ ਧੰਨਵਾਦ ਦਿੰਦੇ ਹੋਏ ਕ੍ਰਿਕਟ ਤੋਂ ਸੰਨਿਆਸ ਲਵੇ।’’