ਸਿੱਧੇ ਫੈੱਡਰੇਸ਼ਨ ਕੱਪ ਫਾਈਨਲਸ ’ਚ ਖੇਡਣਗੇ ਚੋਪੜਾ ਤੇ ਜੇਨਾ
Monday, May 13, 2024 - 08:15 PM (IST)
ਭੁਵਨੇਸ਼ਵਰ, (ਭਾਸ਼ਾ)– ਭਾਰਤ ਦੇ ਜੈਵਲਿਨ ਥ੍ਰੋਅ ਦੇ ਸਟਾਰ ਖਿਡਾਰੀ ਨੀਰਜ ਚੋਪੜਾ ਤੇ ਕਿਸ਼ੋਰ ਜੇਨਾ ਨੂੰ ਇੱਥੇ 15 ਮਈ ਨੂੰ ਹੋਣ ਵਾਲੇ ਫੈੱਡਰੇਸ਼ਨ ਕੱਪ ਫਾਈਨਲਸ ਵਿਚ ਸਿੱਧੇ ਐਂਟਰੀ ਦਿੱਤੀ ਗਈ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਕਰੀਅਰ ਵਿਚ 75 ਮੀਟਰ ਦਾ ਘੱਟ ਤੋਂ ਘੱਟ ਕੁਆਲੀਫਾਇੰਗ ਪੱਧਰ ਕਈ ਵਾਰ ਹਾਸਲ ਕੀਤਾ ਹੈ। ਓਲੰਪਿਕ ਤੇ ਵਿਸ਼ਵ ਚੈਂਪੀਅਨ ਚੋਪੜਾ ਪਿਛਲੇ ਹਫਤੇ ਦੋਹਾ ਡਾਇਮੰਡ ਲੀਗ ਵਿਚ ਕਾਫੀ ਚੰਗਾ ਪ੍ਰਦਰਸ਼ਨ ਕਰਕੇ ਇੱਥੇ ਆਇਆ ਹੈ, ਜਿੱਥੇ ਉਹ 88.38 ਮੀਟਰ ਦੀ ਕੋਸ਼ਿਸ਼ ਨਾਲ ਦੂਜੇ ਸਥਾਨ ’ਤੇ ਰਿਹਾ ਸੀ।
ਏਸ਼ੀਆਈ ਖੇਡਾਂ ਦੇ ਚਾਂਦੀ ਤਮਗਾ ਜੇਤੂ ਜੇਨਾ ਦਾ ਡਾਇਮੰਡ ਲੀਗ ਵਿਚ ਡੈਬਿਊ ਨਿਰਾਸ਼ਾਜਨਕ ਰਿਹਾ ਕਿਉਂਕਿ ਉਹ 76.31 ਮੀਟਰ ਦੀ ਸਰਵਸ੍ਰੇਸ਼ਠ ਕੋਸ਼ਿਸ਼ ਨਾਲ ਤਿੰਨ ਦੌਰ ਤੋਂ ਬਾਅਦ ਬਾਹਰ ਹੋ ਗਿਆ। ਵਿਸ਼ਵ ਚੈਂਪੀਅਨਸ਼ਿਪ 2023 ਵਿਚ ਛੇਵੇਂ ਸਥਾਨ ’ਤੇ ਰਹੇ ਡੀ. ਪੀ. ਮਨੂ ਦੀਆਂ ਨਜ਼ਰਾਂ 85.50 ਮੀਟਰ ਦੇ ਪੱਧਰ ਨੂੰ ਪਾਰ ਕਰਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ’ਤੇ ਟਿਕੀਆਂ ਹੋਣਗੀਆਂ ਤੇ ਉਹ ਵੀ ਸਿੱਧੇ ਫਾਈਨਲ ਵਿਚ ਮੁਕਾਬਲੇਬਾਜ਼ੀ ਕਰੇਗਾ।