ਦਿੱਲੀ ''ਚ ਏਸ਼ੀਆਈ ਚੈਂਪੀਅਨਸ਼ਿਪ ''ਚ ਹਿੱਸਾ ਨਹੀਂ ਲੈਣਗੇ ਚੀਨ ਦੇ ਪਹਿਲਵਾਨ

02/17/2020 7:17:17 PM

ਨਵੀਂ ਦਿੱਲੀ : ਚੀਨ ਦੇ ਪਹਿਲਵਾਨ ਮੰਗਲਵਾਰ ਤੋਂ ਇੱਥੇ ਸ਼ੁਰੂ ਹੋ ਰਹੀ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲੈਣਗੇ ਕਿਉਂਕਿ ਉਸ ਦੇ ਦੇਸ਼ ਵਿਚ ਨੋਵੇਲ ਕੋਰੋਨਾ ਵਾਇਰਸ ਫੈਲਣ ਕਾਰਣ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਵੀਜ਼ਾ ਜਾਰੀ ਨਹੀਂ ਕੀਤਾ ਹੈ। ਰਾਸ਼ਟਰੀ ਮਹਾਸੰਘ ਦੇ ਇਕ ਚੋਟੀ ਦੇ ਅਧਿਕਾਰੀ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ। ਭਾਰਤੀ ਕੁਸ਼ਤੀ ਮਹਾਸੰਘ (ਡਬਲਯੂ. ਐੱਫ. ਆਈ.) ਦੇ ਸਹਾਇਕ ਸਕੱਤਰ ਵਿਨੋਦ ਤੋਮਰ ਨੇ ਕਿਹਾ ਕਿ ਸਰਕਾਰ ਨੇ ਚੀਨ ਦੇ 40 ਮੈਂਬਰੀ ਦਲ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

PunjabKesari

ਤੋਮਰ ਨੇ ਕਿਹਾ, ''ਸਾਨੂੰ ਪਤਾ ਲੱਗਾ ਹੈ ਕਿ ਸਰਕਾਰ ਨੇ ਚੀਨ ਦੇ ਦਲ ਨੂੰ ਵੀਜ਼ਾ ਜਾਰੀ  ਨਹੀਂ ਕੀਤਾ ਹੈ ਤੇ ਇਸ ਲਈ ਉਹ ਵਿਸ਼ਵ ਚੈਂਪੀਅਨਸ਼ਿਪ ਵਿਚ ਹਿੱਸਾ ਨਹੀਂ ਲੈ ਰਹੇ।'' ਤੋਮਰ ਨੇ ਹਾਲਾਂਕਿ ਕਿਹਾ ਕਿ ਡਬਲਯੂ. ਐੱਫ. ਆਈ. ਨੂੰ ਅਜੇ ਸਰਕਾਰ ਵਲੋਂ ਰਸਮੀ ਸੂਚਨਾ ਨਹੀਂ ਮਿਲੀ ਹੈ। ਭਾਰਤ ਸਰਕਾਰ ਨੇ ਇਸ ਵਾਇਰਸ ਦੇ ਫੈਲਣ ਦੇ ਕਾਰਣ ਚੀਨ ਦੇ ਨਾਗਰਿਕਾਂ ਲਈ ਈ-ਵੀਜ਼ਾ ਵੀ ਰੱਦ ਕਰ ਦਿੱਤਾ ਸੀ। ਇਸ ਵਾਇਰਸ ਨਾਲ ਹੁਣ ਤਕ 1500 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਥੇ ਵਾਇਰਸ ਸਭ ਤੋਂ ਵੱਧ ਵੁਹਾਨ ਵਿਚ ਫੈਲਿਆ ਹੈ, ਜਿੱਥੇ 23 ਜਨਵਰੀ ਤੋਂ ਲੋਕਾਂ ਦੀ ਆਵਾਜਾਈ 'ਤੇ ਰੋਕ ਲਾਈ ਗਈ ਹੈ ਤੇ ਕਈ ਦੇਸ਼ ਇਸ ਸ਼ਹਿਰ ਤੇ ਚੀਨ ਦੇ ਹੋਰਨਾਂ ਪ੍ਰਭਾਵਿਤ ਹਿੱਸਿਆਂ ਵਿਚੋਂ ਆਪਣੇ ਨਾਗਰਿਕਾਂ ਨੂੰ ਬਾਹਰ ਕੱਢ ਚੁੱਕੇ ਹਨ। ਕਈ ਦੇਸ਼ਾਂ ਨੇ ਚੀਨ ਦੇ ਯਾਤਰੀਆਂ 'ਤੇ ਯਾਤਰਾ ਪਾਬੰਦੀ ਲਾਈ ਹੈ ਤੇ ਚੀਨ ਦੇ ਸ਼ਹਿਰ ਵਿਚ ਆਉਣ ਅਤੇ ਉਥੋਂ ਜਾਣ ਵਾਲੀਆਂ ਉਡਾਣਾਂ ਨੂੰ ਵੀ ਮੁਅੱਤਲ ਕੀਤਾ ਗਿਆ ਹੈ।


Related News