ਭਾਰਤ ਲਈ 100 ਟੈਸਟ ਮੈਚ ਖੇਡਣ ਵਾਲੇ 13ਵੇਂ ਕ੍ਰਿਕਟਰ ਬਣੇ ਚੇਤੇਸ਼ਵਰ ਪੁਜਾਰਾ, ਗਾਵਸਕਰ ਤੋਂ ਮਿਲੀ ਸਪੈਸ਼ਲ ਕੈਪ
Friday, Feb 17, 2023 - 12:40 PM (IST)
ਨਵੀਂ ਦਿੱਲੀ (ਭਾਸ਼ਾ)- ਚੇਤੇਸ਼ਵਰ ਪੁਜਾਰਾ ਆਸਟ੍ਰੇਲੀਆ ਦੇ ਖ਼ਿਲਾਫ਼ ਬਾਰਡਰ-ਗਾਵਸਕਰ ਟਰਾਫੀ ਦੇ ਦੂਜੇ ਟੈਸਟ ਕ੍ਰਿਕਟ ਮੈਚ 'ਚ ਮੈਦਾਨ 'ਤੇ ਉਤਰਦੇ ਹੀ ਭਾਰਤ ਲਈ 100 ਟੈਸਟ ਮੈਚ ਖੇਡਣ ਵਾਲੇ 13ਵੇਂ ਕ੍ਰਿਕਟਰ ਬਣ ਗਏ। ਭਾਰਤੀ ਟੈਸਟ ਟੀਮ ਦੇ ਮੁੱਖ ਆਧਾਰ ਪੁਜਾਰਾ ਨੇ ਟੀਮ ਦੇ ਆਪਣੇ ਸਾਥੀਆਂ ਅਤੇ ਪਰਿਵਾਰ ਦੇ ਸਾਹਮਣੇ ਗਾਵਸਕਰ ਤੋਂ ਵਿਸ਼ੇਸ਼ ਕੈਪ ਪ੍ਰਾਪਤ ਕੀਤੀ। ਭਾਰਤ ਲਈ 125 ਟੈਸਟ ਮੈਚ ਖੇਡਣ ਵਾਲੇ ਗਾਵਸਕਰ ਨੇ ਕਿਹਾ, 'ਤੁਹਾਡਾ 100 ਟੈਸਟ ਮੈਚ ਦੇ ਕਲੱਬ 'ਚ ਸੁਆਗਤ ਹੈ ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਸੀਂ ਆਪਣੇ 100ਵੇਂ ਟੈਸਟ ਮੈਚ 'ਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਕ੍ਰਿਕਟਰ ਬਣੋ ਅਤੇ ਦਿੱਲੀ 'ਚ ਇਕ ਹੋਰ ਜਿੱਤ ਦੀ ਬੁਨਿਆਦ ਰੱਖੋ।'
ਇਹ ਵੀ ਪੜ੍ਹੋ: ਕ੍ਰਿਕਟਰ ਪ੍ਰਿਥਵੀ ਸ਼ਾਹ ਦੀ ਕਾਰ 'ਤੇ ਹਮਲਾ, ਪ੍ਰਸ਼ੰਸਕਾਂ ਨੂੰ ਸੈਲਫੀ ਲੈਣ ਤੋਂ ਕੀਤਾ ਸੀ ਇਨਕਾਰ
35 ਸਾਲਾ ਪੁਜਾਰਾ ਨੇ 2010 ਵਿੱਚ ਆਪਣਾ ਟੈਸਟ ਡੈਬਿਊ ਕੀਤਾ ਸੀ। ਉਨ੍ਹਾਂ ਦੇ ਨਾਂ ਟੈਸਟ ਕ੍ਰਿਕਟ 'ਚ 7000 ਤੋਂ ਵੱਧ ਦੌੜਾਂ ਅਤੇ 19 ਸੈਂਕੜੇ ਹਨ। ਪੁਜਾਰਾ ਨੇ ਗਾਵਸਕਰ ਨੂੰ ਕਿਹਾ, 'ਤੁਹਾਡੇ ਵਰਗੇ ਮਹਾਨ ਖਿਡਾਰੀਆਂ ਨੇ ਮੈਨੂੰ ਪ੍ਰੇਰਿਤ ਕੀਤਾ। ਜਦੋਂ ਮੈਂ ਛੋਟਾ ਸੀ ਤਾਂ ਮੈਂ ਭਾਰਤ ਲਈ ਖੇਡਣ ਦਾ ਸੁਫ਼ਨਾ ਦੇਖਦਾ ਸੀ ਪਰ ਮੈਂ ਕਦੇ ਨਹੀਂ ਸੋਚਿਆ ਕਿ ਮੈਂ ਦੇਸ਼ ਲਈ 100 ਟੈਸਟ ਮੈਚ ਖੇਡਾਂਗਾ।' ਉਨ੍ਹਾਂ ਕਿਹਾ, 'ਮੇਰਾ ਮੰਨਣਾ ਹੈ ਕਿ ਟੈਸਟ ਕ੍ਰਿਕਟ ਖੇਡ ਦਾ ਅਸਲੀ ਫਾਰਮੈਟ ਹੈ ਅਤੇ ਇਸ ਵਿਚ ਤੁਹਾਡੇ ਜਜ਼ਬੇ ਦੀ ਪ੍ਰੀਖਿਆ ਹੁੰਦੀ ਹੈ। ਜ਼ਿੰਦਗੀ ਅਤੇ ਟੈਸਟ ਕ੍ਰਿਕਟ ਵਿਚ ਕਈ ਸਮਾਨਤਾਵਾਂ ਹਨ। ਜੇਕਰ ਤੁਸੀਂ ਮੁਸ਼ਕਲ ਸਮੇਂ ਨਾਲ ਲੜ ਸਕਦੇ ਹੋ, ਤਾਂ ਤੁਸੀਂ ਇਸ ਤੋਂ ਬਾਹਰ ਨਿਕਲ ਸਕਦੇ ਹੋ। ਮੇਰੇ ਪਰਿਵਾਰ ਅਤੇ ਦੋਸਤਾਂ ਦਾ ਉਨ੍ਹਾਂ ਦੇ ਸਮਰਥਨ ਲਈ ਦਿਲੋਂ ਧੰਨਵਾਦ। BCCI, ਮੀਡੀਆ, ਮੇਰੀ ਟੀਮ ਦੇ ਸਾਥੀਆਂ ਅਤੇ ਸਹਿਯੋਗੀ ਸਟਾਫ਼ ਦਾ ਧੰਨਵਾਦ।' ਦੱਸ ਦੇਈਏ ਕਿ ਪੁਜਾਰਾ ਤੋਂ ਪਹਿਲਾਂ ਸਿਰਫ਼ 12 ਭਾਰਤੀ ਕ੍ਰਿਕਟਰਾਂ ਨੇ 100 ਟੈਸਟ ਮੈਚ ਖੇਡਣ ਦੀ ਉਪਲੱਬਧੀ ਹਾਸਲ ਕੀਤੀ ਹੈ, ਜਦਕਿ ਅੰਤਰਰਾਸ਼ਟਰੀ ਪੱਧਰ 'ਤੇ 73 ਖਿਡਾਰੀ ਅਜਿਹਾ ਕਰ ਚੁੱਕੇ ਹਨ।