ਸ਼ਤਰੰਜ : ਵਿਸ਼ਵਨਾਥਨ ਆਨੰਦ ਸਾਂਝੇ ਤੌਰ ''ਤੇ ਤੀਜੇ ਸਥਾਨ ''ਤੇ

11/22/2019 11:45:13 PM

ਕੋਲਕਾਤਾ (ਨਿਕਲੇਸ਼ ਜੈਨ)— ਟਾਟਾ ਸਟੀਲ ਇੰਡੀਆ ਸ਼ਤਰੰਜ ਦੇ ਉਦਘਾਟਨੀ ਸਮਾਰੋਹ 'ਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਨੇ ਭਾਰਤ ਦੇ 5 ਵਾਰ ਦੇ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨਾਲ ਮਿਲ ਕੇ ਸਫੈਦ ਰੰਗ ਦੇ ਮੋਹਰਿਆਂ ਨਾਲ ਵਜ਼ੀਰ ਦੇ ਪਿਆਦੇ ਨੂੰ 2 ਘਰ ਚਲਾਉਂਦਿਆਂ ਚੈਂਪੀਅਨਸ਼ਿਪ ਦਾ ਸ਼ੁੱਭ-ਆਰੰਭ ਕੀਤਾ। ਚੈਂਪੀਅਨਸ਼ਿਪ 'ਚ ਪਹਿਲੇ ਦਿਨ 3 ਰਾਊਂਡ ਖੇਡੇ ਗਏ ਤੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਆਪਣੀ ਬਿਹਤਰੀਨ ਖੇਡ ਨਾਲ ਪਹਿਲਾ ਦਿਨ ਆਪਣੇ ਨਾਂ ਕਰ ਲਿਆ। ਉਸ ਨੇ ਦਿਨ ਦੀ ਸ਼ੁਰੂਆਤ ਵੇਸਲੀ ਸੋਅ ਨਾਲ ਡਰਾਅ ਖੇਡ ਕੇ ਕੀਤੀ ਪਰ ਦੂਜੇ ਰਾਊਂਡ 'ਚ ਰੂਸ ਦੇ ਇਯਾਨ ਨੇਪੋਮਨਿਆਚੀ ਨੂੰ ਅਤੇ ਤੀਜੇ ਰਾਊਂਡ 'ਚ ਅਰਮੀਨੀਆ ਦੇ ਲੇਵਾਨ ਆਰੋਨੀਅਨ ਨੂੰ ਹਰਾਉਂਦਿਆਂ ਪਹਿਲੇ ਦਿਨ ਕੁਲ 5 ਅੰਕ ਬਣਾਉਂਦੇ ਹੋਏ ਸਿੰਗਲ ਬੜ੍ਹਤ ਹਾਸਲ ਕਰ ਲਈ, ਜਦਕਿ ਅਮਰੀਕਾ ਦਾ ਹਿਕਾਰੂ ਨਾਕਾਮੁਰਾ 2 ਡਰਾਅ ਤੇ 1 ਜਿੱਤ ਨਾਲ 4 ਅੰਕ ਹਾਸਲ ਕਰ ਕੇ ਦੂਜੇ ਸਥਾਨ 'ਤੇ ਚੱਲ ਰਿਹਾ ਹੈ।
ਭਾਰਤ ਦੀ ਪ੍ਰਮੁੱਖ ਉਮੀਦ ਵਿਸ਼ਵਨਾਥਨ ਆਨੰਦ 3 ਅੰਕ ਲੈ ਕੇ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਹੈ। ਆਨੰਦ ਨੇ ਪਹਿਲੇ ਰਾਊਂਡ 'ਚ ਚੀਨ ਦੇ ਡਿੰਗ ਲੀਰੇਨ ਨਾਲ ਡਰਾਅ ਖੇਡਣ ਤੋਂ ਬਾਅਦ ਦੂਜੇ ਰਾਊਂਡ ਵਿਚ ਅਮਰੀਕਾ ਦੇ ਵੇਸਲੀ ਸੋਅ 'ਤੇ ਜ਼ੋਰਦਾਰ ਜਿੱਤ ਦਰਜ ਕੀਤੀ ਪਰ ਤੀਜੇ ਰਾਊਂਡ ਵਿਚ ਰੂਸ ਦੇ ਇਯਾਨ ਨੇਪੋਮਨਿਆਚੀ ਤੋਂ ਹਾਰ ਗਿਆ। ਆਨੰਦ ਤੋਂ ਇਲਾਵਾ ਭਾਰਤ ਦਾ ਪੇਂਟਾਲਾ ਹਰਿਕ੍ਰਿਸ਼ਣਾ, ਵਿਦਿਤ ਗੁਜਰਾਤੀ ਆਪਣੇ ਤਿੰਨੋਂ ਮੁਕਾਬਲੇ ਡਰਾਅ ਖੇਡਦੇ ਹੋਏ 3 ਅੰਕ ਬਣਾ ਕੇ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਚੱਲ ਰਿਹਾ ਹੈ।
 


Gurdeep Singh

Content Editor

Related News