ਪੁਤਿਨ ਨਾਲ ਸਬੰਧਾਂ ਨੂੰ ਲੈ ਕੇ ਚੇਲਸੀ ਫੁਟਬਾਲ ਕਲੱਬ ਦੇ ਮਾਲਕ ''ਤੇ ਬ੍ਰਿਟੇਨ ''ਚ ਪਾਬੰਦੀ
Friday, Mar 11, 2022 - 02:46 PM (IST)
ਲੰਡਨ (ਭਾਸ਼ਾ)- ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀਆਂ ਵਿਚੋਂ ਇਕ ਅਤੇ ਬ੍ਰਿਟੇਨ ਵਿਚ ਚੇਲਸੀ ਫੁੱਟਬਾਲ ਕਲੱਬ ਦੇ ਮਾਲਕ ਰੋਮਨ ਅਬਰਾਮੋਵਿਚ ਨੂੰ ਵੀਰਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਬੰਧਾਂ ਨੂੰ ਲੈ ਕੇ ਰੂਸੀ ਕਾਰੋਬਾਰੀਆਂ ਦੇ ਖ਼ਿਲਾਫ਼ ਬ੍ਰਿਟਿਸ਼ ਸਰਕਾਰ ਦੀ ਪਾਬੰਦੀਆਂ ਦੀ ਸੂਚੀ ਵਿਚ ਪਾ ਦਿੱਤਾ ਗਿਆ ਹੈ।
ਬ੍ਰਿਟੇਨ ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ (ਐੱਫ.ਸੀ.ਡੀ.ਓ.) ਨੇ ਕਿਹਾ ਕਿ 11 ਅਰਬ ਡਾਲਰ ਦੀ ਜਾਇਦਾਦ ਦੇ ਮਾਲਕ ਅਬਰਾਮੋਵਿਚ ਉਨ੍ਹਾਂ 7 ਰੂਸੀ ਅਮੀਰਾਂ ਦੀ ਨਵੀਂ ਸੂਚੀ ਵਿਚ ਸ਼ਾਮਲ ਹਨ, ਜਿਨ੍ਹਾਂ ਦੇ ਕਾਰੋਬਾਰ ਅਤੇ ਸੰਪਰਕ ਰੂਸ ਨਾਲ ਜੁੜੇ ਹਨ। ਬ੍ਰਿਟੇਨ ਵਿਚ ਇਨ੍ਹਾਂ ਕਾਰੋਬਾਰੀਆਂ ਦੀਆਂ ਜਾਇਦਾਦਾਂ 'ਤੇ ਰੋਕ ਲਗਾ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੇ ਬ੍ਰਿਟੇਨ ਦੀ ਯਾਤਰਾ ਕਰਨ 'ਤੇ ਪਾਬੰਦੀ ਹੋਵੇਗੀ।
ਬ੍ਰਿਟੇਨ ਦੇ ਕਿਸੇ ਵੀ ਨਾਗਰਿਕ ਜਾਂ ਕੰਪਨੀ ਨੂੰ ਉਨ੍ਹਾਂ ਨਾਲ ਵਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ, 'ਯੂਕ੍ਰੇਨ 'ਤੇ ਪੁਤਿਨ ਦੇ ਹਮਲੇ ਦਾ ਸਮਰਥਨ ਕਰਨ ਵਾਲਿਆਂ ਨੂੰ ਕੋਈ ਸੁਰੱਖਿਅਤ ਪਨਾਹਗਾਹ ਨਹੀਂ ਮਿਲ ਸਕਦੀ।' ਉਨ੍ਹਾਂ ਕਿਹਾ, 'ਅੱਜ ਦੀਆਂ ਪਾਬੰਦੀਆਂ ਯੂਕ੍ਰੇਨ ਦੇ ਲੋਕਾਂ ਨੂੰ ਬ੍ਰਿਟੇਨ ਦੇ ਅਟੁੱਟ ਸਮਰਥਨ ਦੀ ਦਿਸ਼ਾ ਵਿਚ ਤਾਜ਼ਾ ਕਦਮ ਹੈ।'