ਵਿਰਾਟ ਦੇ ਨਾ ਹੋਣ ਨਾਲ ਭਾਰਤੀ ਬੱਲੇਬਾਜ਼ੀ ''ਚ ਵੱਡਾ ਫਰਕ ਪੈਦਾ ਹੋਵੇਗਾ : ਚੈਪਲ
Sunday, Nov 22, 2020 - 11:24 PM (IST)
ਸਿਡਨੀ– ਆਸਟਰੇਲੀਆਈ ਟੀਮ ਦੇ ਸਾਬਕਾ ਕਪਤਾਨ ਤੇ ਮਸ਼ਹੂਰ ਕਮੈਂਟਟੇਰ ਇਯਾਨ ਚੈਪਲ ਦਾ ਕਹਿਣਾ ਹੈ ਕਿ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਬਾਰਡਰ-ਗਾਵਸਕਰ ਟਰਾਫੀ ਦੇ ਆਖਰੀ 3 ਮੈਚਾਂ ਵਿਚ ਨਾ ਹੋਣ ਨਾਲ ਭਾਰਤੀ ਟੀਮ ਦੀ ਬੱਲੇਬਾਜ਼ੀ ਵਿਚ ਵੱਡਾ ਫਰਕ ਪੈਦਾ ਹੋਵੇਗਾ। ਵਿਰਾਟ ਐਡੀਲੇਡ ਵਿਚ 17 ਦਸੰਬਰ ਤੋਂ ਸ਼ੁਰੂ ਹੋ ਰਹੀ ਟੈਸਟ ਸੀਰੀਜ਼ ਦੇ ਪਹਿਲੇ ਮੈਚ ਵਿਚ ਹਿੱਸਾ ਲੈਣ ਤੋਂ ਬਾਅਦ ਭਾਰਤ ਪਰਤ ਆਵੇਗਾ, ਅਜਿਹੇ ਵਿਚ ਵਿਰਾਟ ਦੀ ਗੈਰ-ਮੌਜੂਦਗੀ ਨਾਲ ਟੀਮ ਇੰਡੀਆ ਦੇ ਪ੍ਰਦਰਸ਼ਨ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਕਿਆਂਸਾ ਲਾਈਆਂ ਜਾ ਰਹੀਆਂ ਹਨ।

ਚੈਪਲ ਨੇ ਕਿਹਾ,''ਕਪਤਾਨ ਵਿਰਾਟ ਪਹਿਲੇ ਟੈਸਟ ਤੋਂ ਬਾਅਦ ਜਦੋਂ ਆਪਣੇ ਵਤਨ ਪਰਤ ਜਾਵੇਗਾ ਤਾਂ ਭਾਰਤ ਨੂੰ ਟੀਮ ਚੋਣ ਨੂੰ ਲੈ ਕੇ ਸਮੱਸਿਆ ਆਵੇਗਾ। ਇਹ ਭਾਰਤੀ ਬੱਲੇਬਾਜ਼ੀ ਕ੍ਰਮ ਵਿਚ ਇਕ ਵੱਡਾ ਫਰਕ ਪੈਦਾ ਕਰੇਗੀ ਪਰ ਇਸਦੇ ਨਾਲ ਹੀ ਇਹ ਇਕ ਉਭਰਦੇ ਖਿਡਾਰੀ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਵੀ ਦੇਵੇਗੀ।'' ਉਸ ਨੇ ਿਕਹਾ,''ਦੋਵਾਂ ਟੀਮਾਂ ਵਿਚਾਲੇ ਰੋਮਾਂਚਕ ਮੁਕਾਬਲਾ ਹੋਣ ਜਾ ਰਿਹਾ ਹੈ ਤੇ ਇਸ ਵਿਚ ਸਭ ਤੋਂ ਅਹਿਮ ਚੋਣ ਪ੍ਰਕਿਰਿਆ ਹੈ। ਨਤੀਜਿਆਂ ਤੋਂ ਪਤਾ ਲੱਗੇਗਾ ਕਿ ਟੀਮ ਸੰਯੋਜਨ ਵਿਚ ਬਿਹਤਰ ਕੌਣ ਸਾਬਤ ਹੋਇਆ।''

ਆਸਟਰੇਲੀਆਈ ਟੀਮ ਲਈ 1971 ਤੋਂ 1975 ਤਕ ਕਪਤਾਨੀ ਕਰ ਚੁੱਕੇ 77 ਸਾਲਾ ਚੈਪਲ ਨੇ ਸਿਰਫ ਭਾਰਤ ਹੀ ਨਹੀਂ ਸਗੋਂ ਆਸਟਰੇਲੀਆ ਦੇ ਟੀਮ ਸੰਯੋਜਨ ਨੂੰ ਲੈ ਕੇ ਵੀ ਵਿਚਾਰ ਰੱਖੇ। ਉਸ ਨੇ ਓਪਨਿੰਗ ਵਿਚ ਡੇਵਿਡ ਵਾਰਨਰ ਦੇ ਜੋੜੀਦਾਰ ਦੇ ਤੌਰ 'ਤੇ ਜੋ ਬਰਨਸ ਦੀ ਜਗ੍ਹਾ ਨੌਜਵਾਨ ਬੱਲੇਬਾਜ਼ ਵਿਲ ਪੁਕੋਵਸਕੀ ਦਾ ਸਮਰਥਨ ਕੀਤਾ। ਚੈਪਲ ਨੇ ਕਿਹਾ,''ਖਿਡਾਰੀਆਂ ਦੀ ਚੋਣ ਹਮੇਸ਼ਾ ਮੌਜੂਦਾ ਫਾਰਮ ਦੇ ਆਧਾਰ 'ਤੇ ਹੋਣੀ ਚਾਹੀਦੀ ਹੈ। ਵਾਰਨਰ ਦੇ ਸਲਾਮੀ ਜੋੜੀਦਾਰ ਦੇ ਰੂਪ ਵਿਚ ਮੈਂ ਬਰਨਸ ਦੀ ਜਗ੍ਹਾ ਪੁਕੋਵਸਕੀ ਦੇ ਨਾਂ ਦਾ ਸਮਰਥਨ ਕਰਾਂਗਾ। ਉਸ ਨੇ ਸ਼ੈਫੀਲਡ ਸ਼ੀਲਡ ਟੂਰਨਾਮੈਂਟ ਵਿਚ 6 ਸੈਂਕੜੇ ਲਾਏ ਹਨ, ਜਿਸ ਵਿਚ 3 ਦੋਹਰੇ ਸੈਂਕੜੇ ਸਨ। ਉਸ ਨੇ ਸਾਬਤ ਕੀਤਾ ਹੈ ਕਿ ਉਹ ਉੱਚੇ ਪੱਧਰ ਦੀ ਕ੍ਰਿਕਟ ਖੇਡਣ ਲਈ ਯੋਗ ਹੈ।''

