ਤੇਵਤੀਆ ਦਾ ਅਰਧ ਸੈਂਕੜਾ ਬੇਕਾਰ, ਚੰਡੀਗੜ੍ਹ ਨੇ ਹਰਿਆਣਾ ਨੂੰ 3 ਵਿਕਟਾਂ ਨਾਲ ਹਰਾਇਆ
Sunday, Feb 21, 2021 - 11:04 PM (IST)

ਕੋਲਕਾਤਾ– ਰਾਹੁਲ ਤੇਵਤੀਆ ਨੇ ਭਾਰਤੀ ਟੀਮ ਵਿਚ ਜਗ੍ਹਾ ਬਣਾਉਣ ਦਾ ਜਸ਼ਨ 39 ਗੇਂਦਾਂ ’ਤੇ 73 ਦੌੜਾਂ ਦੀ ਪਾਰੀ ਖੇਡ ਕੇ ਮਨਾਇਆ ਪਰ ਉਸਦੀ ਇਹ ਕੋਸ਼ਿਸ਼ ਬੇਕਾਰ ਹੋ ਗਈ ਕਿਉਂਕਿ ਚੰਡੀਗੜ੍ਹ ਨੇ ਐਤਵਾਰ ਨੂੰ ਇੱਥੇ ਵਿਜੇ ਹਜ਼ਾਰੇ ਟਰਾਫੀ ਗਰੁੱਪ-ਈ ਦੇ ਸ਼ੁਰੂਆਤੀ ਮੁਕਾਬਲੇ ਵਿਚ ਹਰਿਆਣਾ ’ਤੇ 3 ਵਿਕਟਾਂ ਨਾਲ ਜਿੱਤ ਦਰਜ ਕਰ ਲਈ। ਤੇਵਤੀਆ ਨੂੰ ਇੰਗਲੈਂਡ ਵਿਰੁੱਧ 5 ਮੈਚਾਂ ਦੀ ਲੜੀ ਲਈ ਭਾਰਤ ਦੀ ਟੀ-20 ਕੌਮਾਂਤਰੀ ਟੀਮ ਵਿਚ ਚੁਣਿਆ ਗਿਆ ਸੀ, ਉਸ ਨੇ ਆਪਣੀ ਅਰਧ ਸੈਂਕੜੇ ਵਾਲੀ ਪਾਰੀ ਦੌਰਾਨ 6 ਛੱਕੇ ਤੇ 4 ਚੌਕੇ ਲਾਏ।
ਹਰਿਆਣਾ ਦੇ ਹਿਮਾਂਸ਼ੂ ਰਾਣਾ (102 ਦੌੜਾਂ, 125 ਗੇਂਦਾਂ, 11 ਚੌਕੇ ਤੇ 1 ਛੱਕਾ) ਤੇ ਅਰੁਣ ਚਾਪਰਾਣਾ ਦੇ ਨਾਲ ਪਹਿਲੀ ਵਿਕਟ ਲਈ 115 ਦੌੜਾਂ ਦੀ ਸਾਂਝੇਦਾਰੀ ਨਾਲ ਚੰਗੀ ਸ਼ੁਰੂਆਤ ਕੀਤੀ ਪਰ ਚੰਡੀਗੜ੍ਹ ਦੇ ਗੇਂਦਬਾਜ਼ਾਂ ਨੇ ਉਸਦਾ ਮੱਧਕ੍ਰਮ ਢਹਿ-ਢੇਰੀ ਕਰ ਦਿੱਤਾ, ਜਿਸ ਤੋਂ ਬਾਅਦ ਹਰਿਆਣਾ ਨੇ ਤੇਵਤੀਆ ਦੀ ਅਰਧ ਸੈਂਕੜੇ ਵਾਲੀ ਪਾਰੀ ਨਾਲ 50 ਓਵਰਾਂ ਵਿਚ 9 ਵਿਕਟਾਂ ’ਤੇ 299 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ।
ਇਸ ਟੀਚੇ ਦਾ ਪਿੱਛਾ ਕਰਨ ਉਤਰੀ ਚੰਡੀਗੜ੍ਹ ਨੇ ਕਪਤਾਨ ਮਨਨ ਵੋਹਰਾ ਦੇ ਸੈਂਕੜੇ ਤੇ ਅੰਕਿਤ ਕੌਸ਼ਿਕ ਦੇ ਅਰਧ ਸੈਂਕੜੇ ਨਾਲ 3 ਗੇਂਦਾਂ ਬਾਕੀ ਰਹਿੰਦਿਆਂ ਜਿੱਤ ਹਾਸਲ ਕਰ ਲਈ। ਵੋਹਰਾ ਨੇ 120 ਗੇਂਦਾਂ ਵਿਚ 9 ਚੌਕੇ ਤੇ 2 ਛੱਕਿਆਂ ਨਾਲ 117 ਦੌੜਾਂ ਤੇ ਕੌਸ਼ਿਕ ਨੇ 66 ਗੇਂਦਾਂ ਵਿਚ 78 ਦੌੜਾਂ ਬਣਾਈਆਂ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।