ਆਈ. ਸੀ. ਸੀ. ਚੈਂਪੀਅਨਸ ਟਰਾਫੀ-2002 : ਜਦੋਂ ਭਾਰਤ ਅਤੇ ਸ਼੍ਰੀਲੰਕਾ ਬਣੇ ਸਾਂਝੇ ਚੈਂਪੀਅਨ

Sunday, May 28, 2017 - 11:07 AM (IST)

ਨਵੀਂ ਦਿੱਲੀ— ਸਾਲ 2002 ਵਿਚ ਆਈ. ਸੀ. ਸੀ. ਚੈਂਪੀਅਨਸ ਟਰਾਫੀ ਭਾਰਤ ਵਿਚ ਆਯੋਜਿਤ ਹੋਣੀ ਸੀ ਪਰ ਟੈਕਸ ਵਿਚ ਛੋਟ ਨਾ ਮਿਲਣ ਕਾਰਨ ਇਸ ਨੂੰ ਸ਼੍ਰੀਲੰਕਾ ਵਿਚ ਆਯੋਜਿਤ ਕਰਵਾਇਆ ਗਿਆ, ਉਥੇ ਭਾਰਤ ਅਤੇ ਮੇਜ਼ਬਾਨ ਸ਼੍ਰੀਲੰਕਾ ਫਾਈਨਲ 2 ਵਾਰ ਬਾਰਿਸ਼ ਵਿਚ ਘੁਲ ਜਾਣ ਕਾਰਨ ਸਾਂਝੇ ਜੇਤੂ ਬਣੇ।
ਪਹਿਲੇ 2 ਟੂਰਨਾਮੈਂਟਾਂ ਨੂੰ ਆਈ. ਸੀ. ਸੀ. ਨਾਕਆਊਟ ਟੂਰਨਾਮੈਂਟ ਕਿਹਾ ਗਿਆ ਸੀ ਪਰ ਤੀਸਰੇ ਟੂਰਨਾਮੈਂਟ ਨੂੰ ਆਈ. ਸੀ. ਸੀ. ਚੈਂਪੀਅਨਸ ਟਰਾਫੀ ਦਾ ਨਾਂ ਦਿੱਤਾ ਗਿਆ। ਇਸ ਵਾਰ 12 ਟੀਮਾਂ ਨੇ ਇਸ ਵਿਚ ਹਿੱਸਾ ਲਿਆ, ਜਿਸ ਵਿਚ 10 ਟੈਸਟ ਖੇਡਣ ਵਾਲੇ ਦੇਸ਼, ਇਕ ਦਿਨਾ ਦਰਜਾ ਰੱਖਣ ਵਾਲਾ ਕੀਨੀਆ ਅਤੇ 2001 ਦਾ ਆਈ. ਸੀ. ਸੀ. ਟਰਾਫੀ ਜੇਤੂ ਹਾਲੈਂਡ ਸ਼ਾਮਿਲ ਸੀ।
ਟੀਮਾਂ ਨੂੰ 3-3 ਦੇ 4 ਪੂਲਾਂ ਵਿਚ ਵੰਡਿਆ ਗਿਆ ਅਤੇ ਹਰ ਗਰੁੱਪ ਦੀ ਚੋਟੀ ਦੀ ਟੀਮ ਨੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਭਾਰਤ ਨੂੰ ਪੂਲ 2 ਵਿਚ ਇੰਗਲੈਂਡ ਅਤੇ ਜ਼ਿੰਬਾਬਵੇ ਦੇ ਨਾਲ ਰੱਖਿਆ ਗਿਆ। ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ਵਿਚ ਜ਼ਿੰਬਾਬਵੇ ਨੂੰ ਸਖਤ ਚੁਣੌਤੀ 'ਤੇ 14 ਦੌੜਾਂ 'ਤੇ ਕਾਬੂ ਕਰ ਲਿਆ। ਭਾਰਤ ਦਾ ਦੂਸਰਾ ਮੁਕਾਬਲਾ ਇੰਗਲੈਂਡ ਨਾਲ ਸੀ ਅਤੇ ਭਾਰਤ ਨੇ ਵਰਿੰਦਰ ਸਹਿਵਾਗ (126) ਅਤੇ ਕਪਤਾਨ ਸੌਰਭ ਗਾਂਗੁਲੀ (ਅਜੇਤੂ 117) ਦੇ ਸੈਂਕੜਿਆਂ ਦੇ ਦਮ 'ਤੇ 8 ਵਿਕਟਾਂ ਨਾਲ ਜਿੱਤ ਹਾਸਲ ਕਰ ਲਈ।
4 ਪੂਲ ਨਾਲ ਆਸਟ੍ਰੇਲੀਆ, ਭਾਰਤ, ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਸੈਮੀਫਾਈਨਲ ਵਿਚ ਪੁੱਜੀਆਂ। ਸੈਮੀਫਾਈਨਲ ਵਿਚ ਭਾਰਤ ਨੇ ਦੱਖਣੀ ਅਫਰੀਕਾ ਨੂੰ 10 ਦੌੜਾਂ ਨਾਲ ਅਤੇ ਸ਼੍ਰੀਲੰਕਾ ਨੇ ਆਸਟ੍ਰੇਲੀਆ ਨੂੰ 7 ਵਿਕਟਾਂ ਨਾਲ ਹਰਾਇਆ। ਟੂਰਨਾਮੈਂਟ ਦਾ ਫਾਈਨਲ 29 ਸਤੰਬਰ ਨੂੰ ਖੇਡਿਆ ਗਿਆ। ਇਸ ਵਿਚ ਸ਼੍ਰੀਲੰਕਾ ਨੇ 244 ਦੌੜਾਂ ਬਣਾਈਆਂ ਪਰ ਇਸ ਤੋਂ ਬਾਅਦ ਬਾਰਿਸ਼ ਕਾਰਨ ਫਾਈਨਲ ਨਹੀਂ ਹੋ ਸਕਿਆ। ਫਾਈਨਲ ਅਗਲੇ ਦਿਨ ਫਿਰ ਖੇਡਿਆ ਗਿਆ। ਇਸ ਵਿਚ ਸ਼੍ਰੀਲੰਕਾ ਨੇ 222 ਦੌੜਾਂ ਬਣਾਈਆਂ ਅਤੇ 8.4 ਓਵਰ ਵਿਚ ਭਾਰਤ ਦਾ ਸਕੋਰ 38 ਦੌੜਾਂ ਰਹਿਣ ਦੌਰਾਨ ਫਿਰ ਬਾਰਿਸ਼ ਆਈ। ਇਸ ਕਾਰਨ ਫਾਈਨਲ ਨੂੰ ਰੱਦ ਕਰਨਾ ਪਿਆ। ਇਸ ਤਰ੍ਹਾਂ ਭਾਰਤ ਅਤੇ ਸ਼੍ਰੀਲੰਕਾ ਨੂੰ ਸਾਂਝੇ ਰੂਪ ਵਿਚ ਚੈਂਪੀਅਨ ਐਲਾਨ ਦਿੱਤਾ ਗਿਆ। ਇਹ ਪਹਿਲੀ ਵਾਰ ਸੀ, ਜਦੋਂ ਆਈ. ਸੀ. ਸੀ.  ਦੇ ਕਿਸੇ ਟੂਰਨਾਮੈਂਟ ਵਿਚ 2 ਟੀਮਾਂ ਸਾਂਝੇ ਰੂਪ ਵਿਚ ਜੇਤੂ ਬਣੀਆਂ।
ਸਹਿਵਾਗ ਨੇ ਟੂਰਨਾਮੈਂਟ ਵਿਚ ਸਭ ਤੋਂ ਵੱਧ 271 ਦੌੜਾਂ ਬਣਾਈਆਂ, ਜਦੋਂਕਿ ਸ਼੍ਰੀਲੰਕਾ ਦੇ ਆਫ ਸਪਿਨਰ ਮੁਥੱਈਆ ਮੁਰਲੀਧਰਨ ਨੇ ਸਭ ਤੋਂ ਵੱਧ 10 ਵਿਕਟਾਂ ਲਈਆਂ। ਇਸ ਟੂਰਨਾਮੈਂਟ ਵਿਚ ਸਚਿਨ ਤੇਂਦੁਲਕਰ ਆਪਣੀ ਓਪਨਿੰਗ ਛੱਡ ਕੇ ਚੌਥੇ ਨੰਬਰ 'ਤੇ ਉਤਰਿਆ ਅਤੇ ਸਹਿਵਾਗ ਨੂੰ ਗਾਂਗੁਲੀ ਦੇ ਨਾਲ ਓਪਨਿੰਗ ਵਿਚ ਉਤਾਰਿਆ ਗਿਆ। ਸਹਿਵਾਗ ਓਪਨਿੰਗ ਵਿਚ ਸਫਲ ਰਿਹਾ ਅਤੇ ਇਸ ਤੋਂ ਬਾਅਦ ਉਸਨੇ ਟੈਸਟ, ਵਨ-ਡੇ ਅਤੇ ਟਵੰਟੀ-20 ਵਿਚ ਵੀ ਭਾਰਤ ਲਈ ਓਪਨਿੰਗ ਦੀਆਂ ਜ਼ਿੰਮੇਵਾਰੀਆਂ ਨਿਭਾਈਆਂ।


Related News