ਭਾਰਤੀ ਮਹਿਲਾ ਟੀਮ ਸਾਹਮਣੇ ਅੱਜ ਬੰਗਲਾਦੇਸ਼ ਦੀ ਚੁਣੌਤੀ

02/24/2020 2:31:03 AM

ਪਰਥ- ਮੌਜੂਦਾ ਚੈਂਪੀਅਨ ਆਸਟਰੇਲੀਆ ਵਿਰੁੱਧ ਪ੍ਰਭਾਵਸ਼ਾਲੀ ਜਿੱਤ ਨਾਲ ਆਤਮਵਿਸ਼ਵਾਸ ਨਾਲ ਭਰਪੂਰ ਭਾਰਤ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ ਵਿਚ ਸੋਮਵਾਰ ਨੂੰ ਇੱਥੇ ਆਪਣੇ ਦੂਜੇ ਗਰੁੱਪ ਮੈਚ ਵਿਚ ਬੰਗਲਾਦੇਸ਼ ਨਾਲ ਭਿੜੇਗਾ ਤੇ ਉਸ ਦਾ ਟੀਚਾ ਆਪਣੀ ਜੇਤੂ ਮੁਹਿੰਮ ਜਾਰੀ ਰੱਖਣਾ ਹੋਵੇਗਾ। ਲੈੱਗ ਸਪਿਨਰ ਪੂਨਮ ਯਾਦਵ ਦੇ ਜਾਦੂਈ ਸਪੈੱਲ ਨਾਲ ਭਾਰਤ ਨੇ ਸ਼ੁੱਕਰਵਾਰ ਨੂੰ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿਚ ਆਸਟਰੇਲੀਆ  ਨੂੰ 17 ਦੌੜਾਂ ਨਾਲ ਹਰਾਇਆ ਪਰ ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਟੀਮ ਬੰਗਲਾਦੇਸ਼ ਨੂੰ ਹਲਕੇ ਵਿਚ ਨਹੀਂ ਲੈ ਸਕਦੀ ਹੈ ਕਿਉਂਕਿ ਉਸ ਨੂੰ ਆਪਣੇ ਇਸ ਵਿਰੋਧੀ ਹੱਥੋਂ 2018 ਵਿਚ ਟੀ-20 ਏਸ਼ੀਆ ਕੱਪ ਵਿਚ ਦੋ ਵਾਰ ਹਾਰ ਝੱਲਣੀ ਪਈ ਸੀ।
ਜੇਮਿਮਾ ਰੋਡ੍ਰਿਗੇਜ਼ ਤੇ ਪਹਿਲੇ ਮੈਚ ਵਿਚ 15 ਗੇਂਦਾਂ 'ਤੇ 29 ਦੌੜਾਂ ਬਣਾਉਣ ਵਾਲੀ 16 ਸਾਲਾ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਏਸ਼ੀਆ ਕੱਪ ਟੀਮ ਦਾ ਹਿੱਸਾ ਨਹੀਂ ਪਰ ਜੇਕਰ ਭਾਰਤ ਨੂੰ ਬੰਗਲਾਦੇਸ਼ ਨੂੰ ਹਰਾਉਣਾ ਹੈ ਤਾਂ ਚੋਟੀ ਕ੍ਰਮ ਵਿਚ ਇਨ੍ਹਾਂ ਦੋਵਾਂ ਦੀ ਭੂਮਿਕਾ ਅਹਿਮ ਹੋਵੇਗੀ। ਇਨ੍ਹਾਂ ਦੋਵਾਂ ਟੀਮਾਂ ਵਿਚਾਲੇ ਪਿਛਲੇ 5 ਮੈਚਾਂ ਵਿਚੋਂ ਭਾਰਤ ਨੇ 3 ਤੇ ਬੰਗਲਾਦੇਸ਼ ਨੇ 2 ਜਿੱਤੇ ਹਨ। ਭਾਰਤ ਜੇਕਰ ਸੋਮਵਾਰ ਨੂੰ ਜਿੱਤ ਦਰਜ ਕਰ ਲੈਂਦਾ ਹੈ ਤਾਂ ਉਹ ਪੰਜ ਟੀਮਾਂ ਦੇ ਗਰੁੱਪ ਵਿਚ ਨਾਕਆਊਟ ਦੇ ਨੇੜੇ ਵੀ ਪਹੁੰਚ ਜਾਵੇਗਾ। ਭਾਰਤ ਨੂੰ ਹਾਲਾਂਕਿ ਆਪਣੀ ਬੱਲੇਬਾਜ਼ੀ ਵਿਚ ਸੁਧਾਰ ਕਰਨਾ ਪਵੇਗਾ ਕਿਉਂਕਿ ਆਸਟਰੇਲੀਆ ਵਿਰੁੱਧ ਬੱਲੇਬਾਜ਼ ਉਮੀਦਾਂ ਅਨੁਸਾਰ ਪ੍ਰਦਰਸ਼ਨ ਨਹੀਂ ਕਰ ਸਕੇ ਸਨ ਤੇ 132 ਦੌੜਾਂ ਹੀ ਬਣਾ ਸਕੇ ਸਨ। ਵਿਸ਼ਵ ਕੱਪ ਤੋਂ ਪਹਿਲਾਂ ਤਿਕੋਣੀ ਲੜੀ ਤੋਂ ਹੀ ਭਾਰਤੀ ਬੱਲੇਬਾਜ਼ ਨਿਯਮਤ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸਨ ਤੇ ਉਨ੍ਹਾਂ ਨੇ ਵੱਡੇ ਸਕੋਰ ਨਹੀਂ ਬਣਾਏ ਹਨ।  ਜੇਕਰ ਪੂਨਮ ਨੇ 19 ਦੌੜਾਂ ਦੇ ਕੇ 4 ਵਿਕਟਾਂ ਨਹੀਂ ਲਈਆਂ ਹੁੰਦੀਆਂ ਤਾਂ ਆਸਟਰੇਲੀਆ ਵਿਰੁੱਧ ਵੀ ਭਾਰਤ ਦੀ ਸਥਿਤੀ ਨਾਜ਼ੁਕ ਬਣੀ ਹੋਈ ਸੀ। ਗਰੁੱਪ-ਏ ਦੇ ਇਕ ਹੋਰ ਮੈਚ ਵਿਚ ਆਸਟਰੇਲੀਆ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਵੇਗਾ। ਇਨ੍ਹਾਂ ਦੋਵਾਂ ਟੀਮਾਂ ਨੇ ਆਪਣੇ ਪਹਿਲੇ ਮੈਚ ਗੁਆਏ ਸਨ। ਸ਼੍ਰੀਲੰਕਾ ਨੂੰ ਸ਼ਨੀਵਾਰ ਨੂੰ ਨਿਊਜ਼ੀਲੈਂਡ ਨੇ 7 ਵਿਕਟਾਂ ਨਾਲ ਹਰਾਇਆ ਸੀ।


Gurdeep Singh

Content Editor

Related News