CCL ਚੈਂਪੀਅਨਜ਼ ''ਪੰਜਾਬ ਦੇ ਸ਼ੇਰ'' ਨੂੰ ਪੰਜਾਬ ਦੇ ਰਾਜਪਾਲ ਨੇ ਕੀਤਾ ਸਨਮਾਨਿਤ
Tuesday, Jul 08, 2025 - 05:07 PM (IST)

ਕ੍ਰਿਕਟ ਸੈਲੇਬ੍ਰਿਟੀ ਤੇ ਕਾਰਪੋਰੇਟ ਮੇਲ-ਜੋਲ ਨਾਲ ਸਜੀ 'ਚੈਂਪੀਅਨਜ਼ ਸ਼ਾਮ' ਦਾ ਹੋਇਆ ਆਯੋਜਨ
ਚੰਡੀਗੜ੍ਹ (ਖੇਡ): ਫਿਲਮੀ ਸਿਤਾਰਿਆਂ ਤੇ ਕਾਰਪੋਰੇਟ ਜਗਤ ਦਾ ਸ਼ਾਨਦਾਰ ਸੁਮੇਲ ਦੇਖਣ ਨੂੰ ਮਿਲਿਆ ਜਦੋਂ ਸੈਲੇਬ੍ਰਿਟੀ ਕ੍ਰਿਕਟ ਲੀਗ (ਸੀ. ਸੀ. ਐੱਲ.) ਸੀਜ਼ਨ-11 ਦੀ ਜੇਤੂ ਟੀਮ ‘ਪੰਜਾਬ ਦੇ ਸ਼ੇਰ’ ਨੂੰ ਪੰਜਾਬ ਏਂਜਲਸ ਨੈੱਟਵਰਕ ਵੱਲੋਂ ਆਯੋਜਿਤ ਸ਼ਾਨਦਾਰ ਸਮਾਰੋਹ ‘ਏ-ਨਾਈਟ ਵਿਦ ਦਿ ਚੈਂਪੀਅਨਜ਼’ ਵਿਚ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਤੇ ਯੂ. ਟੀ. ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸਨ।
ਇਸ ਪ੍ਰੋਗਰਾਮ ਵਿਚ ਰਾਜ ਦੀਆਂ ਵੱਕਾਰੀ ਹਸਤੀਆਂ ਜਿਨ੍ਹਾਂ ਵਿਚ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ, ਉਦਯੋਗਪਤੀ, ਪ੍ਰਸਿੱਧ ਕਲਾਕਾਰ ਤੇ ਖੇਡ ਪ੍ਰੇਮੀ ਸ਼ਾਮਲ ਹੋਏ। ਪ੍ਰੋਗਰਾਮ ਵਿਚ ਟੀਮ ਦੇ ਮਾਲਕ ਪੁਨੀਤ ਸਿੰਘ, ਨਵਰਾਜ ਹੰਸ ਤੇ ਕਰਨ ਗਹਿਲੋਤ੍ਰਾ, ਹੰਸ ਰਾਜ ਹੰਸ ਤੇ ਜਸਪਿੰਦਰ ਨਰੂਲਾ ਅਤੇ ਹੋਰ ਕਈ ਪ੍ਰਸਿੱਧ ਸਿਤਾਰੇ ਜਿਵੇਂ ਅਪਾਰਸ਼ਕਤੀ ਖੁਰਾਣਾ, ਐਮੀ ਵਿਰਕ, ਬਿੰਨੂ ਢਿੱਲੋਂ, ਹਾਰਡੀ ਸੰਧੂ, ਮੀਤ ਬ੍ਰਦਰਜ਼ ਦੇ ਮਨਮੀਤ ਸਿੰਘ, ਸੂਯਸ਼ ਰਾਏ, ਅਨੁਜ ਖੁਰਾਣਾ, ਰਾਹੁਲ ਜੇਤਲੀ, ਮਯੂਰ ਮਹਿਤਾ, ਬਲਰਾਜ ਸਯਾਲ, ਗਵੀ ਚਾਹਲ, ਦਕਸ਼, ਗੁਲਜ਼ਾਰ, ਨਿੰਜਾ, ਜੱਸੀ ਗਿੱਲ, ਬੱਬਲ ਰਾਏ, ਯੁਵਰਾਜ ਹੰਸ, ਸਮੇਤ ਹੋਰ ਕਈ ਮੰਨੇ-ਪ੍ਰਮੰਨੇ ਚਿਹਰੇ ਸ਼ਾਮਲ ਸਨ।
‘ਪੰਜਾਬ ਦੇ ਸ਼ੇਰ’ ਟੀਮ ਨੇ ਫਾਈਨਲ ਮੁਕਾਬਲੇ ਵਿਚ ਚੇਨਈ ਰਾਈਨੋਜ਼ ਨੂੰ 8 ਵਿਕਟਾਂ ਨਾਲ ਹਰਾ ਕੇ ਸੀ. ਸੀ. ਐੱਲ.-11 ਦਾ ਖਿਤਾਬ ਜਿੱਤਿਆ ਸੀ। ਟੀਮ ਦੀ ਕਪਤਾਨੀ ਹਾਰਡੀ ਸੰਧੂ ਨੇ ਕੀਤੀ। ਇਸ ਦੌਰਾਨ ਟੀਮ ਨੇ ਪੂਰੇ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਜੇਤੂ ਟੀਮ ਨੂੰ ਵਧਾਈ ਦਿੱਤੀ।
ਇਸ ਮੌਕੇ ਟੀਮ ਦੇ ਮਾਲਕ ਪੁਨੀਤ ਸਿੰਘ ਨੇ ਕਿਹਾ ਕਿ ਇਹ ਜਿੱਤ ਸਿਰਫ ਟੀਮ ਦੀ ਹੀ ਨਹੀਂ ਸਗੋਂ ਉਨ੍ਹਾਂ ਸਾਰੇ ਪ੍ਰਸ਼ੰਸਕਾਂ ਦੀ ਹੈ, ਜਿਨ੍ਹਾਂ ਨੇ ਹਰ ਮੈਚ ਵਿਚ ਸਾਡਾ ਹੌਸਲਾ ਵਧਾਇਆ।