ਸ਼ਮਕੀਰ ਮਾਸਟਰਸ ''ਚ ਇਕ ਰਾਊਂਡ ਪਹਿਲਾਂ ਹੀ ਕਾਰਲਸਨ ਬਣਿਆ ਜੇਤੂ

Tuesday, Apr 09, 2019 - 09:10 PM (IST)

ਸ਼ਮਕੀਰ ਮਾਸਟਰਸ ''ਚ ਇਕ ਰਾਊਂਡ ਪਹਿਲਾਂ ਹੀ ਕਾਰਲਸਨ ਬਣਿਆ ਜੇਤੂ

ਸ਼ਮਕੀਰ ਸਿਟੀ (ਅਜਰਬੈਜਾਨ) (ਨਿਕਲੇਸ਼ ਜੈਨ)— ਵਿਸ਼ਵ ਦੇ 10 ਧਾਕੜ ਖਿਡਾਰੀਆਂ ਵਿਚਾਲੇ ਖੇਡੇ ਜਾ ਰਹੇ ਸ਼ਮਕੀਰ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ 8ਵੇਂ ਰਾਊਂਡ ਵਿਚ ਨਾਰਵੇ ਦੇ ਮੌਜੂਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੇ ਆਪਣੇ ਸਭ ਤੋਂ ਨੇੜਲੇ ਵਿਰੋਧੀ ਰੂਸ ਦੇ ਸੇਰਗੀ ਕਾਰਯਾਕਿਨ ਨੂੰ ਹਰਾਉਂਦਿਆਂ ਇਕ ਰਾਊਂਡ ਪਹਿਲਾਂ ਹੀ 6 ਅੰਕਾਂ ਨਾਲ ਆਪਣਾ ਜੇਤੂ ਬਣਨਾ ਤੈਅ ਕਰ ਲਿਆ ਹੈ। ਇਸ ਦੇ ਨਾਲ ਹੀ ਵਿਸ਼ਵ ਸ਼ਤਰੰਜ ਵਿਚ ਆਪਣੀ ਬਾਦਸ਼ਾਹਤ ਨੂੰ ਹੋਰ ਮਜ਼ਬੂਤ ਕਰਦੇ ਹੋਏ ਕਾਰਲਸਨ ਆਪਣੀ ਰੇਟਿੰਗ ਵਿਚ 2857 ਅੰਕਾਂ 'ਤੇ ਜਾ ਪਹੁੰਚਿਆ ਹੈ, ਜਿਹੜਾ ਆਪਣੇ ਆਪ ਵਿਚ ਇਕ ਵਿਸ਼ਵ ਰਿਕਾਰਡ ਹੈ।
ਉਥੇ ਹੀ ਛੇਵੇਂ ਰਾਊਂਡ ਵਿਚ ਕਾਰਯਾਕਿਨ ਤੋਂ ਹਾਰ ਦਾ ਸਾਹਮਣਾ ਕਰਨ  ਤੋਂ ਬਾਅਦ ਭਾਰਤ ਦੇ  ਵਿਸ਼ਵਨਾਥਨ ਆਨੰਦ ਨੇ 8ਵੇਂ ਰਾਊਂਡ ਵਿਚ ਮੇਜ਼ਬਾਨ ਅਜਰਬੈਜਾਨ ਦੇ ਤਿਮੂਰ ਰਦਜਬੋਵ ਨਾਲ ਡਰਾਅ ਖੇਡਦੇ ਹੋਏ 4 ਅੰਕ ਬਣਾ ਲਏ ਹਨ। ਵੈਸੇ ਤਾਂ ਉਹ ਅੰਕ ਸੂਚੀ ਵਿਚ ਅਜੇ 5ਵੇਂ ਸਥਾਨ 'ਤੇ ਹੈ ਪਰ ਆਖਰੀ ਰਾਊਂਡ ਵਿਚ ਜੇਕਰ ਉਹ ਆਪਣੇ ਪੁਰਾਣੇ ਵਿਰੋਧੀ ਸਾਬਕਾ ਵਿਸ਼ਵ ਚੈਂਪੀਅਨ ਬੁਲਗਾਰੀਆ ਦੇ ਵੇਸਲੀਨ ਤੋਪਾਲੋਵ 'ਤੇ ਜਿੱਤ ਦਰਜ ਕਰਦਾ ਹੈ ਤਾਂ ਉਹ ਤੀਜੇ ਸਥਾਨ 'ਤੇ ਆ ਸਕਦਾ ਹੈ। 
ਤੋਪਾਲੋਵ ਨੂੰ ਇਸ ਰਾਊਂਡ ਵਿਚ ਚੀਨ ਦੇ ਡਿੰਗ ਲੀਰੇਨ ਨੇ ਹਰਾਉਂਦਿਆਂ 5 ਅੰਕਾਂ ਨਾਲ ਦੂਜਾ ਸਥਾਨ ਹਾਸਲ ਕਰ ਲਿਆ ਹੈ ਤੇ ਉਥੇ ਹੀ ਰੂਸ ਦੇ ਅਲੈਗਜੈਂਡਰ ਗ੍ਰੀਸਚੁਕ ਨੇ ਚੈੱਕ ਗਣਰਾਜ ਦੇ ਡੇਵਿਡ ਨਵਾਰਾ ਨੂੰ ਹਰਾਉਂਦਿਆਂ 4.5 ਅੰਕਾਂ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਜਗ੍ਹਾ ਬਣਾ ਲਈ ਹੈ।  ਨੀਦਰਲੈਂਡ ਦੇ ਅਨੀਸ਼ ਗਿਰੀ ਤੇ ਅਜਰਬੈਜਾਨ ਦੇ ਸ਼ਾਕਿਰਯਾਰ ਮਮੇਘਾਰੋਵ ਵਿਚਾਲੇ ਮੁਕਾਬਲਾ ਡਰਾਅ ਰਿਹਾ।  


author

Gurdeep Singh

Content Editor

Related News