ਕਾਰਲਸਨ ਤੇ ਨਾਕਾਮੁਰਾ ਸਾਂਝੇ ਤੌਰ ''ਤੇ ਬਣੇ ਸ਼ੋਅ ਡਾਊਨ 960 ਦੇ ਜੇਤੂ
Monday, Sep 14, 2020 - 10:21 PM (IST)
ਸੇਂਟ ਲੂਈਸ (ਯੂ. ਐੱਸ. ਏ.) (ਨਿਕਲੇਸ਼ ਜੈਨ)- ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਤੇ ਅਮਰੀਕਾ ਦੇ ਹਿਕਾਰੂ ਨਾਕਾਮੁਰਾ ਨੇ ਚੈਂਪੀਅਨ ਸ਼ੋਅ ਡਾਊਨ 960 ਸ਼ਤਰੰਜ ਦੇ ਆਖਰੀ ਦਿਨ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਾਂਝੇ ਤੌਰ 'ਤੇ ਪਹਿਲਾ ਸਥਾਨ ਹਾਸਲ ਕਰ ਲਿਆ ਅਤੇ ਦੋਵਾਂ ਨੇ 31,250 ਡਾਲਰ ਦੀ ਇਨਾਮੀ ਰਾਸ਼ੀ ਹਾਸਲ ਕੀਤੀ।
ਸੇਂਟ ਲੂਈਸ ਸ਼ਤਰੰਜ ਕਲੱਬ ਵਲੋਂ ਆਯੋਜਿਤ 960 ਸ਼ਤਰੰਜ, ਜਿਸ ਵਿਚ ਮੋਹਰਿਆਂ ਦੀ ਸ਼ੁਰੂਆਤੀ ਸਥਿਤੀ ਬਦਲ ਦਿੱਤੀ ਜਾਂਦੀ ਹੈ, ਵਿਚ ਪਿਛਲੇ ਤਿੰਨ ਦਿਨਾਂ ਵਿਚ ਸ਼ਾਨਦਾਰ ਮੁਕਾਬਲੇ ਦੇਖਣ ਨੂੰ ਮਿਲੇ। ਮੈਗਨਸ ਕਾਰਲਸਨ ਨੇ ਦਿਨ ਦੀ ਸ਼ੁਰੂਆਤ ਸੱਤਵੇਂ ਰਾਊਂਡ ਵਿਚ ਰੂਸ ਦੇ ਪੀਟਰ ਸਿਵਡਲਰ ਵਿਰੁੱਧ ਜਿੱਤ ਨਾਲ ਕੀਤੀ ਪਰ ਉਸ ਤੋਂ ਬਾਅਦ ਅਮਰੀਕਾ ਦੇ ਦੋਮਿੰਗੇਜ ਪੇਰੇਜ ਤੇ ਅਰਮੀਨੀਆ ਦੇ ਲੇਵਾਨ ਅਰੋਨੀਆ ਤੋਂ ਜਿੱਤ ਦੇ ਨੇੜੇ ਜਾ ਕੇ ਡਰਾਅ ਖੇਡ ਬੈਠਾ ਅਤੇ ਦੂਜੇ ਪਾਸੇ ਹਿਕਾਰੂ ਨਾਕਾਮੁਰਾ ਵੀ ਫਿਡੇ ਦੇ ਅਲਰੀਜੇ ਫਿਰੌਜਾ 'ਤੇ ਜਿੱਤ ਅਤੇ ਹਮਵਤਨ ਵੇਸਲੀ ਸੋ ਤੇ ਰੂਸ ਦੇ ਪਿਟਰ ਸਿਵਡਲਰ ਨਾਲ ਡਰਾਅ ਖੇਡਦੇ ਹੋਏ ਕਾਰਲਸਨ ਦੀ ਬਰਾਬਰੀ 'ਤੇ ਗਿਆ। ਦੋਵੇਂ ਖਿਡਾਰੀ 6 ਅੰਕ ਬਣਾ ਕੇ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਰਹੇ। ਕੱਲ ਤਕ ਸਭ ਤੋਂ ਅੱਗੇ ਚੱਲ ਰਿਹਾ ਲੇਵੋਨ ਅਰੋਨੀਅਨ ਆਖਰੀ ਦਿਨ ਕਾਰਲਸਨ ਤੇ ਕਾਸਪਾਰੋਵ ਨਾਲ ਡਰਾਅ ਖੇਡ ਬੈਠਾ ਜਦਕਿ ਫਰਾਂਸ ਦੇ ਮੈਕਿਸਮ ਲਾਗ੍ਰੇਵ ਤੋਂ ਹਾਰ ਕੇ ਸਿਰਫ 1 ਅੰਕ ਹੀ ਬਣਾ ਸਕਿਆ ਤੇ 5.5 ਅੰਕ ਬਣਾ ਕੇ ਅਮਰੀਕਾ ਦੇ ਫਬਿਆਨੋ ਕਰੂਆਨਾ ਦੇ ਨਾਲ ਸਾਂਝੇ ਤੌਰ 'ਤੇ ਦੂਜੇ ਸਥਾਨ 'ਤੇ ਰਿਹਾ।
ਹੋਰਨਾਂ ਖਿਡਾਰੀਆਂ ਵਿਚ ਅਮਰੀਕਾ ਦਾ ਵੇਸਲੀ ਸੋ 5 ਅੰਕ ਬਣਾ ਕੇ 5ਵੇਂ, 4 ਅੰਕਾਂ ਦੇ ਟਾਈਬਰੇਕ ਦੇ ਆਧਾਰ 'ਤੇ ਮੈਕਿਸਮ ਦਾ ਲਾਗ੍ਰੇਵ ਤੇ ਦੋਮਿੰਗੇਜ ਪੇਰੇਜ 7ਵੇਂ ਸਥਾਨ 'ਤੇ ਰਿਹਾ। ਗੈਰੀ ਕਾਸਪਾਰੋਵ 3.5 ਅੰਕ ਬਣਾ ਕੇ 8ਵੇਂ, ਰੂਸ ਦਾ ਪਿਟਰ ਸਿਵਡਲਰ 3 ਅੰਕ ਬਣਾ ਕੇ 9ਵੇਂ ਤੇ ਫਿਡੇ ਦਾ ਅਲੀਰੇਜਾ ਫਿਰੌਜਾ 2.5 ਅੰਕ ਬਣਾ ਕੇ ਆਖਰੀ ਤੇ 10ਵੇਂ ਸਥਾਨ 'ਤੇ ਰਿਹਾ।