ਲੈਅ ਦੀ ਭਾਲ ’ਚ ਕਪਤਾਨ ਪੰਡਯਾ
Thursday, Mar 28, 2024 - 07:33 PM (IST)
ਨਵੀਂ ਦਿੱਲੀ, (ਭਾਸ਼ਾ)– ਹਾਰਦਿਕ ਪੰਡਯਾ ਦੇ ਦੂਜੀ ਵਾਰ ਮੁੰਬਈ ਇੰਡੀਅਨਜ਼ ਨਾਲ ਜੁੜਨ ਤੋਂ ਬਾਅਦ ਟੀਮ ਨੇ ਟੂਰਨਾਮੈਂਟ ਵਿਚ ਅਜੇ ਤਕ ਸਿਰਫ ਦੋ ਹੀ ਮੈਚ ਖੇਡੇ ਹਨ ਪਰ ਅਜਿਹਾ ਲੱਗਦਾ ਹੈ ਕਿ ਉਸਦੇ ਸਾਹਮਣੇ ਕਾਫੀ ਸਮੱਸਿਆਵਾਂ ਹਨ ਤੇ ਅਜੇ ਤਕ ਉਹ ਕਪਤਾਨੀ ਵਿਚ ਵੀ ਸਹਿਜ ਨਹੀਂ ਦਿਸਿਆ ਹੈ।
ਮੌਜੂਦਾ ਰਾਸ਼ਟਰੀ ਟੀਮ ’ਚ ਸਭ ਤੋਂ ਵੱਡੇ ਮੈਚ ਜੇਤੂਆਂ ਵਿਚੋਂ ਇਕ ਆਲਰਾਊਂਡਰ ਹਾਰਦਿਕ ਉਸ ਨੂੰ ਨਿਖਾਰਨ ਵਾਲੀ ਟੀਮ ਨਾਲ ਦੁਬਾਰਾ ਜੁੜਨ ਦੇ ਬਾਵਜੂਦ ਆਈ. ਪੀ. ਐੱਲ. ਵਿਚ ਲੈਅ ਵਿਚ ਨਜ਼ਰ ਨਹੀਂ ਆ ਰਿਹਾ ਹੈ। ਹਾਰਦਿਕ ਨੂੰ ਮੁੰਬਈ ਦੇ ਸਭ ਤੋਂ ਚਹੇਤੇ ਰੋਹਿਤ ਸ਼ਰਮਾ ਦੀ ਜਗ੍ਹਾ ਕਪਤਾਨ ਬਣਾਇਆ ਗਿਆ ਹੈ, ਜਿਸ ਨਾਲ ਲੋਕਾਂ ਵਿਚ ਉਸਦੇ ਪ੍ਰਤੀ ਨਾਰਾਜ਼ਗੀ ਵੀ ਹੈ। ਨਤੀਜਿਆਂ ਨੇ ਚੀਜ਼ਾਂ ਨੂੰ ਹੋਰ ਬਦਤਰ ਬਣਾ ਦਿੱਤਾ ਹੈ। ਦੋ ਮੈਚ, ਦੋ ਹਾਰ ਤੇ ਕੁਝ ਸਾਧਾਰਨ ਰਣਨੀਤੀ ਨੇ ਹਾਰਦਿਕ ਨੂੰ ਮੁਸ਼ਕਿਲ ਵਿਚ ਪਾ ਦਿੱਤਾ ਹੈ ਜਦਕਿ ਉਸਦੀ ਖੁਦ ਦੀ ਖਰਾਬ ਫਾਰਮ ਨੇ ਮੁਸੀਬਤ ਵਧਾ ਦਿੱਤੀ ਹੈ।
30 ਸਾਲਾ ਹਾਰਦਿਕ ਦੀ ਕਪਤਾਨੀ ਨੂੰ ਹਾਲਾਂਕਿ ਫਿਲਹਾਲ ਕੋਈ ਖਤਰਾ ਨਹੀਂ ਹੈ ਕਿਉਂਕਿ ਆਈ. ਪੀ. ਐੱਲ. ਦੀ ਸਭ ਤੋਂ ਵੱਧ ਟਰਾਂਸਫਰ ਰਾਸ਼ੀ ’ਤੇ ਉਸ ਨੂੰ ਟੀਮ ਵਿਚ ਲਿਆਉਣ ਤੋਂ ਬਾਅਦ ਮੁੰਬਈ ਇੰਡੀਅਨਜ਼ ਦੇ ਮਾਲਕ ਜਲਦਬਾਜ਼ੀ ਵਿਚ ਕੋਈ ਫੈਸਲਾ ਨਹੀਂ ਕਰਨਾ ਚਾਹੁੰਦੇ। ਮੁੰਬਈ ਦੀ ਟੀਮ ਟੂਰਨਾਮੈਂਟ ਦੇ ਹੌਲੀ ਸ਼ੁਰੂਆਤ ਕਰਦੀ ਰਹੀ ਹੈ ਤੇ ਲੈਅ ਹਾਸਲ ਕਰਨ ਵਿਚ ਸਮਾਂ ਲੈਂਦੀ ਹੈ ਤੇ ਅਜਿਹੇ ਵਿਚ ਹਾਰਦਿਕ ਨੂੰ ਟੂਰਨਾਮੈਂਟ ਦੀ ਸ਼ੁਰੂਆਤ ਵਿਚ ਹੀ ਹਾਰਿਆ ਹੋਇਆ ਮੰਨ ਲੈਣਾ ਸਹੀ ਨਹੀਂ ਹੋਵੇਗਾ ਕਿਉਂਕਿ ਆਖਿਰਕਾਰ ਉਹ 5 ਵਾਰ ਦੀ ਚੈਂਪੀਅਨ ਟੀਮ ਦੀ ਅਗਵਾਈ ਕਰ ਰਹੇ ਹਨ। ਪਿਛਲੇ ਤਿੰਨ ਸੈਸ਼ਨਾਂ ’ਚ ਖੁੰਝਣ ਤੋਂ ਬਾਅਦ ਮੁੰਬਈ ਸਫਲਤਾ ਲਈ ਬੇਤਾਬ ਹੈ ਪਰ ਟੀਮ ਇਸ ਤੱਥ ਤੋਂ ਵੀ ਮੂੰਹ ਨਹੀਂ ਮੋੜ ਸਕਦੀ ਕਿ ਹਾਰਦਿਕ ਗਲਤੀਆਂ ਕਰ ਰਿਹਾ ਹੈ ਤੇ ਉਸਦੇ ਕੋਲ ਅਜਿਹਾ ਕੋਈ ਨਹੀਂ ਹੈ ਜਿਹੜਾ ਇਸ ਵਿਚ ਸੁਧਾਰ ਕਰ ਸਕੇ।
ਗੁਜਰਾਤ ਟਾਈਟਨਸ ਦਾ ਕਪਤਾਨ ਰਹਿਣ ਦੌਰਾਨ ਉਸਦੇ ਕੋਲ ਆਸ਼ੀਸ਼ ਨਹਿਰਾ ਸੀ ਜਿਹੜਾ ਠੋਸ ਰਣਨੀਤੀਆਂ ਬਣਾਉਣ ਲਈ ਜਾਣਿਆ ਜਾਂਦਾ ਹੈ। ਜਦੋਂ ਸ਼ੁਭਮਨ ਗਿੱਲ ਨੇ ਰਸਮੀ ਤੌਰ ’ਤੇ ਗੁਜਰਾਤ ਦੇ ਕਪਾਤਨ ਦੇ ਰੂਪ ਵਿਚ ਕਾਰਜਭਾਰ ਸੰਭਾਲਿਆ ਤਾਂ ਸੈਸ਼ਨ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿਚ ਨਹਿਰਾ ਨੇ ਅਹਿਮਦਾਬਾਦ ਵਿਚ ਉਦਾਸੀ ਭਰੇ ਲਹਿਜੇ ਵਿਚ ਕਿਹਾ ਸੀ, ‘‘ਮੈਂ ਹਾਰਦਿਕ ਨੂੰ ਰੁਕਣ ਲਈ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ।’’ ਨਹਿਰਾ ਨੂੰ ਵੱਡੇ ਰਣਨੀਤੀਕਾਰ ਦੇ ਰੂਪ ਵਿਚ ਦੇਖਿਆ ਜਾਂਦਾ ਹੈ ਜਿਹੜਾ ਕਪਤਾਨ ਦੇ ਰਾਹੀਂ ਆਪਣੇ ਫੈਸਲਿਆਂ ਨੂੰ ਲਾਗੂ ਕਰਵਾਉਂਦਾ ਹੈ।