ਕੈਮਰੂਨ ਨੇ ਅਬੂਬਾਕਰ ਦੇ ਗੋਲ ਨਾਲ ਸਰਬੀਆ ਨੂੰ 3-3 ਨਾਲ ਡਰਾਅ ''ਤੇ ਰੋਕਿਆ
Monday, Nov 28, 2022 - 08:23 PM (IST)

ਅਲ ਵਕਰਾਹ : ਬਦਲਵੇਂ ਖਿਡਾਰੀ ਵਿਨਸੈਂਟ ਅਬੂਬਾਕਰ ਨੇ ਇੱਕ ਗੋਲ ਕੀਤਾ ਅਤੇ ਇੱਕ ਹੋਰ ਗੋਲ ਕਰਨ 'ਚ ਮਦਦ ਕੀਤੀ ਜਿਸ ਨਾਲ ਕੈਮਰੂਨ ਨੇ ਸੋਮਵਾਰ ਨੂੰ ਇੱਥੇ ਫੀਫਾ ਵਿਸ਼ਵ ਕੱਪ ਦੇ ਗਰੁੱਪ ਜੀ ਮੈਚ ਵਿੱਚ ਸਰਬੀਆ ਨੂੰ 3-3 ਨਾਲ ਡਰਾਅ ’ਤੇ ਰੋਕਿਆ। ਅਬੂਬਾਕਰ ਨੇ 64ਵੇਂ ਮਿੰਟ ਵਿੱਚ ਸਰਬੀਆਈ ਗੋਲਕੀਪਰ ਵਾਂਜਾ ਮਿਲਿੰਕੋਵਿਕ ਨੂੰ ਪਛਾੜ ਕੇ ਗੋਲ ਕੀਤਾ ਅਤੇ ਫਿਰ ਦੋ ਮਿੰਟ ਬਾਅਦ ਸਟਰਾਈਕਰ ਐਰਿਕ ਮੈਕਸਿਮ ਚੋਪੋ ਦੇ ਗੋਲ ਵਿੱਚ ਸਹਾਇਤਾ ਕੀਤੀ। ਕਤਰ 'ਚ ਚੱਲ ਰਹੇ ਵਿਸ਼ਵ ਕੱਪ 'ਚ ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਟੀਮਾਂ ਵਲੋਂ ਲੀਡ ਲੈਣ ਦੇ ਬਾਵਜੂਦ ਮੈਚ ਡਰਾਅ 'ਤੇ ਖਤਮ ਹੋਇਆ।
ਇਸ ਡਰਾਅ ਤੋਂ ਦੋਵਾਂ ਟੀਮਾਂ ਨੂੰ ਇਕ-ਇਕ ਅੰਕ ਮਿਲਿਆ ਹੈ। ਬ੍ਰਾਜ਼ੀਲ ਅਤੇ ਸਵਿਟਜ਼ਰਲੈਂਡ ਵਿਚਾਲੇ ਸੋਮਵਾਰ ਨੂੰ ਗਰੁੱਪ-ਜੀ ਦੇ ਮੈਚ 'ਚ ਜਿੱਤ ਦਰਜ ਕਰਨ ਵਾਲੀ ਟੀਮ ਨਾਕਆਊਟ ਦੌਰ 'ਚ ਜਗ੍ਹਾ ਬਣਾ ਲਵੇਗੀ। ਸੈਂਟਰਲ ਡਿਫੈਂਡਰ ਜੀਨ ਚਾਰਲਸ ਕੈਸਟਲੇਟੋ ਨੇ 29ਵੇਂ ਮਿੰਟ ਵਿੱਚ ਕੈਮਰੂਨ ਨੂੰ ਬੜ੍ਹਤ ਦਿਵਾਈ। ਅਜਿਹਾ ਲੱਗ ਰਿਹਾ ਸੀ ਕਿ ਹਾਫ ਟਾਈਮ ਤੱਕ ਕੈਮਰੂਨ ਬੜ੍ਹਤ 'ਤੇ ਬਰਕਰਾਰ ਰਹੇਗਾ ਪਰ ਪਹਿਲੇ ਹਾਫ ਦੇ ਇੰਜਰੀ ਟਾਈਮ ਦੇ ਪਹਿਲੇ ਹੀ ਮਿੰਟ 'ਚ ਸਟ੍ਰੇਹਿਨਜਾ ਪਾਵਲੋਵਿਚ ਨੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ।
ਮਿਡਫੀਲਡਰ ਸਰਗੇਜ ਮਿਲਿੰਕੋਵਿਕ ਸਾਵਿਕ ਨੇ ਦੋ ਮਿੰਟ ਬਾਅਦ 20 ਮੀਟਰ ਦੀ ਦੂਰੀ ਤੋਂ ਸ਼ਾਨਦਾਰ ਗੋਲ ਕਰਕੇ ਸਰਬੀਆ ਨੂੰ 2-1 ਨਾਲ ਅੱਗੇ ਕਰ ਦਿੱਤਾ। ਅਲ ਜੇਨੋਬ ਸਟੇਡੀਅਮ 'ਚ ਸਟ੍ਰਾਈਕਰ ਅਲੇਕਸੈਂਡਰ ਮਿਤਰੋਵਿਚ ਨੇ 53ਵੇਂ ਮਿੰਟ 'ਚ ਇਕ ਹੋਰ ਗੋਲ ਕਰਕੇ ਸਰਬੀਆ ਨੂੰ 3-1 ਦੀ ਬੜ੍ਹਤ ਦਿਵਾਈ। ਕੈਮਰੂਨ ਦੇ ਕੋਚ ਰਿਗੋਬਰਟ ਸੌਂਗ ਨੇ ਇਸ ਮੈਚ ਲਈ ਗੋਲਕੀਪਰ ਆਂਦਰੇ ਓਨਾਨਾ ਨੂੰ ਮੌਕਾ ਨਹੀਂ ਦਿੱਤਾ। ਓਨਾਨਾ ਨੂੰ ਕੱਢੇ ਜਾਣ ਦਾ ਕਾਰਨ ਪਤਾ ਨਹੀਂ ਹੈ ਪਰ ਅਜਿਹੀਆਂ ਖਬਰਾਂ ਹਨ ਕਿ ਉਸ ਨੂੰ ਅਨੁਸ਼ਾਸਨੀ ਕਾਰਨਾਂ ਕਰਕੇ ਕੱਢਿਆ ਗਿਆ ਸੀ।