Bye Bye 2019 : ਟੀਮ ਇੰਡੀਆ ਲਈ ਕਿਸ ਤਰ੍ਹਾਂ ਦਾ ਰਿਹਾ ਇਹ ਸਾਲ, ਰਿਪੋਰਟ ਕਾਰਡ ''ਤੇ ਮਾਰੋ ਇਕ ਨਜ਼ਰ
Thursday, Dec 26, 2019 - 03:57 PM (IST)

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਲਈ ਸਾਲ 2019 ਖਤਮ ਹੋ ਚੁੱਕਾ ਹੈ। ਇਸ ਸਾਲ ਭਾਰਤੀ ਟੀਮ ਲਈ ਹੁਣ ਕੋਈ ਵੀ ਮੈਚ ਨਹੀਂ ਬਚਿਆ ਹੈ। ਹੁਣ ਵਿਰਾਟ ਐਂਡ ਬ੍ਰਿਗੇਡ 2020 ਦੀਆਂ ਤਿਆਰੀਆਂ 'ਚ ਰੁੱਝ ਚੁੱਕੀ ਹੈ। 2019 ਵਿਚ ਵਨ ਡੇ ਵਰਲਡ ਕੱਪ ਦੇ ਸੈਮੀਫਾਈਨਲ 'ਚ ਮਿਲੀ ਹਾਰ ਨੂੰ ਛੱਡ ਦਿੱਤਾ ਜਾਵੇ ਤਾਂ ਭਾਰਤੀ ਕ੍ਰਿਕਟ ਲਈ ਸਭ ਕੁੱਝ ਚੰਗਾ ਰਿਹਾ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਸਮੇਤ ਭਾਰਤੀਆਂ ਨੇ ਢੇਰ ਸਾਰੇ ਰਿਕਾਰਡ ਤੋੜੇ ਅਤੇ ਬਣਾਏ ਹਨ। ਟੈਸਟ ਵਿਚ ਟੀਮ ਇੰਡੀਆ ਨੂੰ ਕੋਈ ਨਹੀਂ ਹਰਾ ਸਕਿਆ, ਜਦਕਿ ਟੀ-20 ਵਿਚ ਸਾਲ ਦੀ ਖਰਾਬ ਸ਼ੁਰੂਆਤ ਤੋਂ ਬਾਅਦ ਭਾਰਤੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ।
ਟੈਸਟ ਵਿਚ ਰਹੀ ਅਜੇਤੂ
ਟੀਮ ਇੰਡੀਆ ਟੈਸਟ ਵਿਚ ਅਜੇਤੂ ਰਹੀ ਹੈ। ਉਸ ਨੇ 7 ਮੈਚ ਖੇਡੇ ਅਤੇ ਸਿਰਫ 1 ਡਰਾਅ ਰਿਹਾ ਜਦਕਿ ਬਾਕੀ 6 ਮੁਕਾਬਲਿਆਂ ਵਿਚ ਟੀਮ ਇੰਡੀਆ ਨੇ ਜਿੱਤ ਹਾਸਲ ਕੀਤੀ। ਵੈਸਟਇੰਡੀਜ਼ ਨੂੰ 2-0, ਦੱਖਣੀ ਅਫਰੀਕਾ ਨੂੰ (ਘਰੇਲੂ ਧਰਤੀ 'ਤੇ) 3-0 ਅਤੇ ਬੰਗਲਾਦੇਸ਼ ਨੂੰ (ਘਰੇਲੂ ਧਰਤੀ 'ਤੇ) 2-0 ਟੀਮ ਇੰਡੀਆ ਨੇ ਹਰਾਇਆ। ਇਸ ਦੇ ਨਾਲ ਹੀ ਉਸ ਨੇ ਆਈ. ਸੀ. ਸੀ. ਵਰਲਡ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ਵਿਚ ਟਾਪ ਸਥਾਨ 'ਤੇ ਰਹਿੰਦਿਆਂ ਸਾਲ ਖਤਮ ਕੀਤਾ। ਭਾਰਤ ਇਸ ਸੂਚੀ ਵਿਚ 360 ਅੰਕਾਂ ਨਾਲ ਟਾਪ 'ਤੇ ਬਣਿਆ ਹੋਇਆ ਹੈ।
ਟੈਸਟ 'ਚ ਸਾਲ 2019 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ
ਟੀਮ ਇੰਡੀਆ ਨੇ ਸਾਲ 2019 ਵਿਚ ਕੁਲ 7 ਟੈਸਟ ਖੇਡੇ ਜਿਸ ਵਿਚ ਉਸ ਨੂੰ 6 ਵਿਚ ਜਿੱਤ ਮਿਲੀ ਜਦਕਿ ਇਕ ਮੁਕਾਬਲਾ ਡਰਾਅ ਰਿਹਾ। ਇਸ ਸਾਲ ਟੈਸਟ ਵਿਚ ਭਾਰਤੀ ਟੀਮ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਮਯੰਕ ਅਗਰਵਾਲ ਰਹੇ, ਜਿਸ ਨੇ 754 ਦੌੜਾਂ ਬਣਾਈਆਂ। ਉੱਥੇ ਹੀ ਵਿਰਾਟ ਕੋਹਲੀ ਨੇ ਇਸ ਸਾਲ ਆਪਣੇ ਕਰੀਅਰ ਦਾ ਸਰਵਉੱਚ 254 ਦਾ ਸਕੋਰ ਬਣਾਇਆ ਅਤੇ ਅਜੇਤੂ ਪਰਤੇ। ਗੇਂਦਬਾਜ਼ਾਂ ਦੀ ਗੱਲ ਕਰੀਏ ਤਾਂ ਮੁਹੰਮਦ ਸ਼ਮੀ ਦਾ ਪ੍ਰਦਰਸ਼ਨ ਇਸ ਸਾਲ ਸ਼ਾਨਦਾਰ ਰਿਹਾ ਅਤੇ ਉਸ ਨੇ ਸਭ ਤੋਂ ਵੱਧ 33 ਵਿਕਟਾਂ ਹਾਸਲ ਕੀਤੀਆਂ। ਬੈਸਟ ਪ੍ਰਦਰਸ਼ਨ ਵਿਚ ਆਰ. ਅਸ਼ਵਿਨ ਟਾਪ 'ਤੇ ਰਹੇ ਜਿਸ ਨੇ ਇਕ ਪਾਰੀ ਵਿਚ 145 ਦੌੜਾਂ ਦੇ ਕੇ 7 ਵਿਕਟਾਂ ਹਾਸਲ ਕੀਤੀਆਂ। ਟੀਮ ਇੰਡੀਆ ਨੇ ਇਸ ਸਾਲ ਟੈਸਟ ਵਿਚ ਸਭ ਤੋਂ ਵੱਡੀ ਜਿੱਤ ਦੱਖਣੀ ਅਫਰੀਕਾ ਖਿਲਾਫ ਰਾਂਚੀ ਦੇ ਮੈਦਾਨ 'ਤੇ ਹਾਸਲ ਕੀਤੀ, ਜਿੱਥੇ ਉਸ ਨੇ ਅਫਰੀਕੀ ਟੀਮ ਨੂੰ ਇਕ ਪਾਰੀ ਅਤੇ 202 ਦੌੜਾਂ ਨਾਲ ਹਰਾਇਆ ਸੀ।
ਵਨ ਡੇ : ਵਰਲਡ ਕੱਪ 'ਚ ਸੈਮੀਫਾਈਨਲ ਨੂੰ ਛੱਡ ਸ਼ਾਨਦਾਰ ਰਿਹਾ ਪ੍ਰਦਰਸ਼ਨ
ਭਾਰਤੀ ਕਪਤਾਨ ਵਿਰਾਟ ਕੋਹਲੀ ਮੁਤਾਬਕ ਵਰਲਡ ਦੇ ਉਨ੍ਹਾਂ 30 ਮਿੰਟਾਂ (ਸੈਮੀਫਾਈਨਲ ਵਿਚ ਨਿਊਜ਼ੀਲੈਂਡ ਤੋਂ ਮਿਲੀ ਹਾਰ) ਨੂੰ ਛੱਡ ਦਿੱਤਾ ਜਾਵੇ ਤਾਂ ਇਹ ਸਾਲ ਭਾਰਤੀ ਟੀਮ ਲਈ ਸ਼ਾਨਦਾਰ ਰਿਹਾ ਹੈ। ਆਸਟਰੇਲੀਆ ਵਿਚ 2-1 ਅਤੇ ਨਿਊਜ਼ੀਲੈਂਡ ਖਿਲਾਫ 4-1 ਨਾਲ ਭਾਰਤੀ ਟੀਮ ਨੇ ਲੜੀਆਂ ਆਪਣੇ ਨਾਂ ਕੀਤੀਆਂ। ਇਸ ਤੋਂ ਇਲਾਵਾ ਵੈਸਟਇੰਡੀਜ਼ ਖਿਲਾਫ ਉਨ੍ਹਾਂ ਦੀ ਧਰਤੀ 'ਤੇ ਵੀ ਟੀਮ ਇੰਡੀਆ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਅਤੇ ਸੀਰੀਜ਼ ਆਪਣੇ ਨਾਂ ਕਰਨ 'ਚ ਸਫਲ ਰਹੀ।
ਵਨ ਡੇ : ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ
ਇਸ ਸਾਲ ਭਾਰਤੀ ਟੀਮ ਨੇ ਕੁਲ 28 ਵਨ ਡੇ ਮੈਚ ਖੇਡੇ ਜਿਸ ਵਿਚ ਉਸ ਨੇ 19 ਵਿਚ ਜਿੱਤ ਹਾਸਲ ਕੀਤੀ, 8 ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਇਕ ਮੁਕਾਬਲਾ ਬੇਨਤੀਜਾ ਰਿਹਾ। ਵਨ ਡੇ ਵਿਚ ਪੂਰੀ ਦੁਨੀਆ ਅਤੇ ਭਾਰਤੀ ਟੀਮ ਵੱਲੋਂ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਰੋਹਿਤ ਸ਼ਰਮਾ ਰਹੇ। ਰੋਹਿਤ ਨੇ ਇਸ ਸਾਲ 1490 ਦੌੜਾਂ ਬਣਾਈਆਂ, ਜਿਸ ਤੋਂ ਅੰਦਾਜ਼ ਲਾਇਆ ਜਾ ਸਕਦਾ ਹੈ ਕਿ ਇਸ ਸਾਲ ਰੋਹਿਤ ਦੀ ਫਾਰਮ ਕਿਸ ਤਰ੍ਹਾਂ ਦੀ ਰਹੀ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ ਵਰਲਡ ਕੱਪ 2019 ਵਿਚ 5 ਸੈਂਕੜੇ ਲਾਏ ਜੋ ਕਿ ਇਕ ਵਰਲਡ ਰਿਕਾਰਡ ਹੈ। ਜੇਕਰ ਗੱਲ ਕਰੀਏ ਗੇਂਦਬਾਜ਼ਾਂ ਦੀ ਤਾਂ ਇਸ ਸਾਲ ਸਭ ਤੋਂ ਸਫਲ ਗੇਂਦਬਾਜ਼ ਮੁਹੰਮਦ ਸ਼ਮੀ ਰਹੇ ਜਿਸ ਨੇ 42 ਵਿਕਟਾਂ ਹਾਸਲ ਕੀਤੀਆਂ। ਉੱਥੇ ਹੀ ਇਕ ਪਾਰੀ ਵਿਚ ਬੈਸਟ ਗੇਂਦਬਾਜ਼ੀ ਦੇ ਮਾਮਲੇ 'ਚ ਯੁਜਵੇਂਦਰ ਚਾਹਲ ਨੇ 42 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ। ਸਭ ਤੋ ਵੱਡੀ ਜਿੱਤ ਇਸ ਸਾਲ ਭਾਰਤ ਦੀ ਵੈਸਟਇੰਡੀਜ਼ ਖਿਲਾਫ 125 ਦੌੜਾਂ ਦੇ ਫਰਕ ਨਾਲ ਮੈਨਚੈਸਟਰ ਦੇ ਮੈਦਾਨ 'ਤੇ ਰਹੀ। ਉੱਥੇ ਹੀ ਸਾਲ 2019 ਵਿਚ ਭਾਰਤੀ ਟੀਮ ਨੇ ਕਈ ਨੌਜਵਾਨ ਖਿਡਾਰੀਆਂ ਨੂੰ ਡੈਬਿਊ ਕਰਨ ਦਾ ਮੌਕਾ ਦਿੱਤਾ, ਜਿਸ ਵਿਚ ਮੁਹੰਮਦ ਸਿਰਾਜ, ਵਿਜੇ ਸ਼ੰਕਰ, ਸ਼ੁਭਮਨ ਗਿੱਲ, ਸ਼ਿਵਮ ਦੂਬੇ ਅਤੇ ਨਵਦੀਪ ਸੈਣੀ ਸ਼ਾਮਲ ਹਨ।
ਟੀ-20 ਵਰਲਡ ਕੱਪ 2020 ਦੀ ਸ਼ਾਨਦਾਰ ਰਹੀ ਤਿਆਰੀ
ਭਾਰਤੀ ਟੀਮ ਵਨ ਡੇ ਵਰਲਡ ਕੱਪ 2019 ਦੀ ਸੈਮੀਫਾਈਨਲ 'ਚ ਮਿਲੀ ਹਾਰ ਨੂੰ ਭੁਲਾ ਕੇ ਅਗਲੇ ਸਾਲ ਹੋਣ ਵਾਲੇ ਟੀ-20 ਵਰਲਡ ਕੱਪ ਦੀ ਤਿਆਰੀ ਕਰ ਰਹੀ ਹੈ। ਕੋਹਲੀ ਦੀ ਟੀਮ ਨੇ ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚ ਟੀ-20 ਲੜੀਆਂ ਗੁਆਈਆਂ ਪਰ ਇਸ ਤੋਂ ਬਾਅਦ ਉਸ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਵੈਸਟਇੰਡੀਜ਼ ਵਿਚ ਜਾ ਕੇ 3-0 ਦੀ ਇਕ ਤਰਫਾ ਜਿੱਤ ਹਾਸਲ ਕੀਤੀ। ਦੱਖਣੀ ਅਫਰੀਕਾ ਖਿਲਾਫ ਘਰੇਲੂ ਟੀ-20 ਸੀਰੀਜ਼ 1-1 ਦੀ ਬਰਾਬਰੀ 'ਤੇ ਛੁੱਟੀ ਤਾਂ ਬੰਗਲਾਦੇਸ਼ ਅਤੇ ਵੈਸਟਇੰਡੀਜ਼ ਖਿਲਾਫ 2-1 ਨਾਲ ਜਿੱਤ ਨੇ ਇਸ ਸਾਲ ਨੂੰ ਸਫਲ ਬਣਾ ਦਿੱਤਾ।
ਟੀ-20 ਰਿਕਾਰਡਜ਼
ਸਾਲ 2019 ਵਿਚ ਭਾਰਤੀ ਟੀਮ ਨੇ ਕੁਲ 16 ਮੈਚ ਖੇਡੇ ਜਿਸ ਵਿਚ ਉਸ ਨੂੰ 9 'ਚ ਜਿੱਤ ਮਿਲੀ ਜਦਕਿ 7 ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਟੀ-20 ਵਿਚ ਇਸ ਸਾਲ ਸਭ ਤੋਂ ਵੱਧ ਦੌੜਾਂ ਕੋਹਲੀ ਨੇ (466 ਦੌੜਾਂ) ਬਣਾਈਆਂ। ਇਸ ਤੋਂ ਇਲਾਵਾ ਭਾਰਤੀ ਟੀਮ ਵੱਲੋਂ ਸਾਲ 2019 ਵਿਚ ਸਰਵਉੱਚ ਸਕੋਰ (94 ਅਜੇਤੂ) ਵੀ ਕੋਹਲੀ ਦੇ ਨਾਂ ਹੀ ਰਿਹਾ। ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਸਭ ਤੋਂ ਸਫਲ ਗੇਂਦਬਾਜ਼ ਦੀਪਕ ਚਾਹਰ ਰਹੇ ਜਿਸ ਨੇ 16 ਵਿਕਟਾਂ ਲਈਆਂ ਅਤੇ ਇਕ ਪਾਰੀ ਵਿਚ 6 ਦੌੜਾਂ ਦੇ ਕੇ 7 ਵਿਕਟਾਂ ਹਾਸਲ ਕਰ ਕੇ ਬੈਸਟ ਪ੍ਰਦਰਸ਼ਨ ਵੀ ਕੀਤਾ। ਇਸ ਸਾਲ ਟੀ-20 ਵਿਚ ਡੇਬਿਊ ਕਰਨ ਵਾਲੇ ਭਾਰਤੀ ਨੌਜਵਾਨ ਖਿਡਾਰੀ ਨਵਦੀਪ ਸੈਣੀ, ਸ਼ਿਵਮ ਦੂਬੇ, ਮਯੰਕ ਮਾਰਕੰਡੇ ਅਤੇ ਰਾਹੁਲ ਚਾਹਰ ਰਹੇ।