BWF ਰੈਂਕਿੰਗ : ਕਿਦਾਂਬੀ ਸ਼੍ਰੀਕਾਂਤ ਦੀ ਟੌਪ 10 'ਚ ਵਾਪਸੀ
Wednesday, Dec 22, 2021 - 02:32 PM (IST)
ਨਵੀਂ ਦਿੱਲੀ (ਭਾਸ਼ਾ)- ਵਿਸ਼ਵ ਚੈਂਪੀਅਨਸ਼ਿਪ 'ਚ ਤਗਮਾ ਜਿੱਤਣ ਤੋਂ ਬਾਅਦ ਭਾਰਤ ਦੇ ਕਿਦਾਂਬੀ ਸ੍ਰੀਕਾਂਤ ਨੂੰ ਬੈਡਮਿੰਟਨ ਵਿਸ਼ਵ ਮਹਾਸੰਘ (ਬੀ.ਡਬਲਯੂ.ਐੱਫ.) ਦੀ ਤਾਜ਼ਾ ਵਿਸ਼ਵ ਰੈਂਕਿੰਗ 'ਚ ਸਥਾਨ ਦਾ ਫ਼ਾਇਦਾ ਹੋਇਆ ਹੈ ਅਤੇ ਉਹ ਫਿਰ ਤੋਂ ਟੌਪ 10 'ਚ ਸ਼ਾਮਲ ਹੋ ਗਏ। ਗੁੰਟੂਰ ਦੇ ਇਸ 28 ਸਾਲਾ ਖਿਡਾਰੀ ਨੂੰ ਸਪੇਨ ਦੇ ਹੁਏਲਵਾ ਵਿਖੇ ਆਪਣੇ ਚੰਗੇ ਪ੍ਰਦਰਸ਼ਨ ਦਾ ਫਾਇਦਾ ਹੋਇਆ ਅਤੇ ਉਹ 10ਵੇਂ ਸਥਾਨ 'ਤੇ ਪਹੁੰਚ ਗਏ ਹਨ। ਵਿਸ਼ਵ ਚੈਂਪੀਅਨਸ਼ਿਪ ਵਿਚ ਕਾਂਸੀ ਤਮਗਾ ਜੇਤੂ ਲਕਸ਼ੈ ਸੇਨ ਵੀ ਦੋ ਸਥਾਨਾਂ ਦੇ ਫਾਇਦੇ ਨਾਲ 17ਵੇਂ ਸਥਾਨ 'ਤੇ ਪਹੁੰਚ ਗਏ ਪਰ ਬੀ ਸਾਈ ਪ੍ਰਣੀਤ ਦੋ ਸਥਾਨ ਖਿਸਕ ਕੇ 18ਵੇਂ ਸਥਾਨ 'ਤੇ ਆ ਗਏ।
ਇਹ ਵੀ ਪੜ੍ਹੋ : PV ਸਿੰਧੂ ਫਿਰ ਚੁਣੀ ਗਈ BWF ਐਥਲੀਟ ਕਮਿਸ਼ਨ ਦੀ ਮੈਂਬਰ
ਐੱਚ.ਐੱਸ. ਪ੍ਰਣਯ ਵਿਸ਼ਵ ਚੈਂਪੀਅਨਸ਼ਿਪ ਵਿਚ ਕੁਆਰਟਰ ਫਾਈਨਲ ਤੱਕ ਪੁੱਜੇ ਸਨ, ਜਿਸ ਨਾਲ ਉਨ੍ਹਾਂ ਨੇ 6 ਸਥਾਨਾਂ ਦੀ ਛਲਾਂਗ ਲਗਾਈ ਅਤੇ ਹੁਣ ਉਹ 26ਵੇਂ ਸਥਾਨ ’ਤੇ ਪਹੁੰਚ ਗਏ ਹਨ। ਮਹਿਲਾ ਸਿੰਗਲਜ਼ 'ਚ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ.ਵੀ. ਸਿੰਧੂ 7ਵੇਂ ਸਥਾਨ 'ਤੇ ਬਣੀ ਹੋਈ ਹੈ, ਜਦਕਿ ਸੱਟਾਂ ਤੋਂ ਉਭਰ ਰਹੀ ਸਾਇਨਾ ਨੇਹਵਾਲ 25ਵੇਂ ਸਥਾਨ 'ਤੇ ਹੈ। ਚਿਰਾਗ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੈਂਕੀਰੈੱਡੀ ਦੀ ਪੁਰਸ਼ ਡਬਲਜ਼ ਜੋੜੀ ਇਕ ਸਥਾਨ ਹੇਠਾਂ 10ਵੇਂ ਸਥਾਨ 'ਤੇ ਖ਼ਿਸਕ ਗਈ ਹੈ, ਜਦੋਂ ਕਿ ਅਸ਼ਵਨੀ ਪੋਨੱਪਾ ਅਤੇ ਐੱਨ ਸਿੱਕੀ ਰੈੱਡੀ ਨੇ ਮਹਿਲਾ ਡਬਲਜ਼ ਵਿਚ ਫਿਰ ਤੋਂ ਟੋਪ 20 ਵਿਚ ਥਾਂ ਬਣਾਈ ਹੈ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।