ਇਸ T20 ਲੀਗ ''ਤੇ ਅਚਾਨਕ ਲੱਗੀ ਰੋਕ, ਬੋਰਡ ਨੇ ਲਿਆ ਵੱਡਾ ਫੈਸਲਾ
Friday, Aug 21, 2026 - 10:04 PM (IST)
ਢਾਕਾ : ਬੰਗਲਾਦੇਸ਼ ਕ੍ਰਿਕਟ ਬੋਰਡ (BCB) ਦੇ ਨਵੇਂ ਪ੍ਰਧਾਨ ਤਮੀਮ ਇਕਬਾਲ ਨੇ ਲੀਗ ਵਿੱਚ ਲਗਾਤਾਰ ਸਾਹਮਣੇ ਆ ਰਹੇ ਭ੍ਰਿਸ਼ਟਾਚਾਰ ਅਤੇ ਵਿੱਤੀ ਨੁਕਸਾਨ ਕਾਰਨ ਬੰਗਲਾਦੇਸ਼ ਪ੍ਰੀਮੀਅਰ ਲੀਗ (BPL) ਦੇ ਅਗਲੇ ਸੀਜ਼ਨ ਨੂੰ ਰੱਦ ਕਰਨ ਦਾ ਵੱਡਾ ਫ਼ੈਸਲਾ ਲਿਆ ਹੈ। ਇਸ ਫ਼ੈਸਲੇ ਨਾਲ ਕਈ ਵਿਦੇਸ਼ੀ ਖਿਡਾਰੀਆਂ ਦੀ ਕਮਾਈ 'ਤੇ ਵੱਡਾ ਅਸਰ ਪੈਣ ਦੀ ਉਮੀਦ ਹੈ।
ਬੋਰਡ ਪ੍ਰਧਾਨ ਤਮੀਮ ਇਕਬਾਲ ਨੇ ਦੱਸਿਆ ਕਿ BPL ਦੇ ਆਯੋਜਨ ਨਾਲ ਬੋਰਡ ਨੂੰ ਲਗਾਤਾਰ ਭਾਰੀ ਵਿੱਤੀ ਨੁਕਸਾਨ ਝੱਲਣਾ ਪੈ ਰਿਹਾ ਸੀ ਅਤੇ ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਨੇ ਬੋਰਡ ਨੂੰ ਮੁਸ਼ਕਿਲ ਵਿੱਚ ਪਾਇਆ ਹੋਇਆ ਸੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਲੀਗ ਦਾ ਮੌਜੂਦਾ ਸਰੂਪ ਆਰਥਿਕ ਪੱਖੋਂ ਫ਼ਾਇਦੇਮੰਦ ਨਹੀਂ ਹੈ ਅਤੇ ਇਸ ਦੇ ਸਰੂਪ ਨੂੰ ਬਦਲਣ 'ਤੇ ਕੰਮ ਕੀਤਾ ਜਾਵੇਗਾ, ਤਾਂ ਜੋ ਬੋਰਡ ਨੂੰ ਨੁਕਸਾਨ ਦੀ ਬਜਾਏ ਫ਼ਾਇਦਾ ਹੋ ਸਕੇ।
BPL ਵਿੱਚ ਪਾਕਿਸਤਾਨ, ਇੰਗਲੈਂਡ, ਵੈਸਟਇੰਡੀਜ਼ ਅਤੇ ਸ੍ਰੀਲੰਕਾ ਵਰਗੇ ਦੇਸ਼ਾਂ ਦੇ ਕਈ ਪ੍ਰਸਿੱਧ ਕ੍ਰਿਕਟਰ ਖੇਡਦੇ ਆਏ ਹਨ। ਪਿਛਲੇ ਸੀਜ਼ਨ ਵਿੱਚ ਮੁਹੰਮਦ ਆਮਿਰ, ਅਲੈਕਸ ਹੇਲਸ ਅਤੇ ਅਬਰਾਰ ਅਹਿਮਦ ਵਰਗੇ ਖਿਡਾਰੀ ਇਸ ਲੀਗ ਦਾ ਹਿੱਸਾ ਸਨ।
ਇਹ ਲੀਗ ਪਹਿਲਾਂ ਵੀ ਕਈ ਵਿਵਾਦਾਂ ਵਿੱਚ ਘਿਰੀ ਰਹੀ ਹੈ। ਪਿਛਲੇ ਸੀਜ਼ਨ ਦੌਰਾਨ ਇੱਕ ਫ੍ਰੈਂਚਾਇਜ਼ੀ ਆਪਣੇ ਖਿਡਾਰੀਆਂ ਨੂੰ ਸਮੇਂ ਸਿਰ ਸੈਲਰੀ ਵੀ ਨਹੀਂ ਦੇ ਸਕੀ ਸੀ, ਜਿਸ ਕਾਰਨ ਲੀਗ ਨੂੰ ਅਚਾਨਕ ਵਿਚਾਲੇ ਹੀ ਰੋਕਣਾ ਪਿਆ ਸੀ। ਹੁਣ ਅਗਲਾ ਸੀਜ਼ਨ ਰੱਦ ਹੋਣ ਕਾਰਨ ਇਨ੍ਹਾਂ ਖਿਡਾਰੀਆਂ ਦੀ ਕਮਾਈ ਦਾ ਇੱਕ ਵੱਡਾ ਜ਼ਰੀਆ ਬੰਦ ਹੋ ਗਿਆ ਹੈ।
