ਭਾਰਤ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਸੀਰੀਜ਼ ''ਤੇ ਕੀਤਾ ਕਬਜ਼ਾ

Wednesday, Sep 16, 2026 - 12:38 AM (IST)

ਭਾਰਤ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਸੀਰੀਜ਼ ''ਤੇ ਕੀਤਾ ਕਬਜ਼ਾ

ਨਵੀਂ ਦਿੱਲੀ : ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਟੀ-20 ਮੈਚ ਵਿੱਚ ਭਾਰਤੀ ਟੀਮ ਨੇ ਅਫਗਾਨਿਸਤਾਨ ਨੂੰ 7 ਵਿਕਟਾਂ ਨਾਲ ਹਰਾ ਕੇ ਸੀਰੀਜ਼ ਆਪਣੇ ਨਾਂ ਕਰ ਲਈ ਹੈ। ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫਗਾਨਿਸਤਾਨ ਦੀ ਟੀਮ ਨੇ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ 'ਤੇ 159 ਰਨ ਬਣਾਏ ਸਨ। ਜਵਾਬ ਵਿੱਚ ਭਾਰਤੀ ਬੱਲੇਬਾਜ਼ਾਂ ਨੇ ਧਮਾਕੇਦਾਰ ਬੱਲੇਬਾਜ਼ੀ ਕਰਦਿਆਂ ਟੀਮ ਨੂੰ ਆਸਾਨ ਜਿੱਤ ਦਿਵਾਈ।

160 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਲਈ ਅਭਿਸ਼ੇਕ ਸ਼ਰਮਾ ਅਤੇ ਸੰਜੂ ਸੈਮਸਨ ਨੇ ਪਹਿਲੀ ਵਿਕਟ ਲਈ 88 ਦੌੜਾਂ ਦੀ ਭਾਈਵਾਲੀ ਕੀਤੀ। ਅਭਿਸ਼ੇਕ ਸ਼ਰਮਾ ਨੇ 19 ਗੇਂਦਾਂ ਵਿੱਚ 2 ਚੌਕੇ ਅਤੇ 4 ਛੱਕਿਆਂ ਦੀ ਮਦਦ ਨਾਲ 39 ਦੌੜਾਂ ਬਣਾਈਆਂ, ਜਿਨ੍ਹਾਂ ਨੂੰ ਰਾਸ਼ਿਦ ਖ਼ਾਨ ਨੇ ਆਊਟ ਕੀਤਾ। ਸੰਜੂ ਸੈਮਸਨ ਨੇ ਮਹਿਜ਼ 20 ਗੇਂਦਾਂ 'ਤੇ ਅਰਧ-ਸੈਂਕੜਾ ਜੜ ਕੇ ਟੀਮ ਦੀ ਜਿੱਤ ਲਗਭਗ ਪੱਕੀ ਕਰ ਦਿੱਤੀ। ਅਰਧ-ਸੈਂਕੜਾ ਲਗਾਉਣ ਤੋਂ ਬਾਅਦ ਸੈਮਸਨ ਰਾਸ਼ਿਦ ਖ਼ਾਨ ਦੀ ਗੇਂਦ 'ਤੇ ਆਪਣੀ ਵਿਕਟ ਗੁਆ ਬੈਠੇ। ਇਸ ਤੋਂ ਬਾਅਦ ਈਸ਼ਾਨ ਕਿਸ਼ਨ (38 ਦੌੜਾਂ) ਅਤੇ ਤਿਲਕ ਵਰਮਾ (15 ਦੌੜਾਂ) ਨਾਬਾਦ ਰਹਿੰਦਿਆਂ ਟੀਮ ਨੂੰ ਜਿੱਤ ਤੱਕ ਲੈ ਗਏ।

ਇਸ ਤੋਂ ਪਹਿਲਾਂ ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਅੱਗੇ ਅਫਗਾਨਿਸਤਾਨ ਦਾ ਬੱਲੇਬਾਜ਼ੀ ਕ੍ਰਮ ਬਿਖਰ ਗਿਆ। ਜਸਪ੍ਰੀਤ ਬੁਮਰਾਹ ਨੇ ਪਹਿਲਾ ਓਵਰ ਮੇਡਨ ਸੁੱਟ ਕੇ ਦਬਾਅ ਬਣਾਇਆ, ਜਿਸ ਦਾ ਫਾਇਦਾ ਚੁੱਕਦਿਆਂ ਅਰਸ਼ਦੀਪ ਸਿੰਘ ਨੇ ਰਹਿਮਾਨੁੱਲਾ ਗੁਰਬਾਜ਼ ਨੂੰ ਰਵੀ ਬਿਸ਼ਨੋਈ ਹੱਥੋਂ ਕੈਚ ਕਰਵਾਇਆ। ਇਬਰਾਹਿਮ ਜ਼ਾਦਰਾਨ (37 ਦੌੜਾਂ) ਅਤੇ ਸਦੀਕੁੱਲਾ ਅਟਲ (12 ਦੌੜਾਂ) ਨੇ ਦੂਜੀ ਵਿਕਟ ਲਈ 51 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਰਵੀ ਬਿਸ਼ਨੋਈ ਨੇ ਅਟਲ ਨੂੰ ਆਊਟ ਕਰਕੇ ਇਸ ਜੋੜੀ ਨੂੰ ਤੋੜ ਦਿੱਤਾ। ਇਸ ਤੋਂ ਬਾਅਦ ਨੀਤੀਸ਼ ਕੁਮਾਰ ਰੈੱਡੀ ਨੇ ਗੁਲਬਦੀਨ ਨਾਇਬ (10 ਦੌੜਾਂ), ਅਕਸ਼ਰ ਪਟੇਲ ਨੇ ਅਜ਼ਮਤੁੱਲਾ ਉਮਰਜ਼ਈ (11 ਦੌੜਾਂ) ਅਤੇ ਅਰਸ਼ਦੀਪ ਸਿੰਘ ਨੇ ਦਰਵਿਸ਼ ਰਸੂਲੀ (26 ਦੌੜਾਂ) ਨੂੰ ਆਊਟ ਕਰਕੇ ਅਫਗਾਨਿਸਤਾਨ ਨੂੰ ਬੈਕਫੁੱਟ 'ਤੇ ਧੱਕ ਦਿੱਤਾ।


author

Inder Prajapati

Content Editor

Related News