ਮੁੱਕੇਬਾਜ਼ ਨਿਸ਼ਾਂਤ ਦੇਵ ਨੇ ਪੈਰਿਸ ਓਲੰਪਿਕ ’ਚ ਸਥਾਨ ਪੱਕਾ ਕੀਤਾ
Friday, May 31, 2024 - 07:30 PM (IST)
ਬੈਂਕਾਕ–ਨਿਸ਼ਾਂਤ ਦੇਵ (71 ਕਿ. ਗ੍ਰਾ.) ਸ਼ੱੁਕਰਵਾਰ ਨੂੰ ਇੱਥੇ ਮੁੱਕੇਬਾਜ਼ੀ ਓਲੰਪਿਕ ਕੁਆਲੀਫਾਇਰਸ ਦੇ ਸੈਮੀਫਾਈਨਲ ਵਿਚ ਪਹੁੰਚ ਕੇ ਪੈਰਿਸ ਵਿਚ ਹੋਣ ਵਾਲੀਆਂ ਖੇਡਾਂ ਦਾ ਕੋਟਾ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਪੁਰਸ਼ ਮੱਕੇਬਾਜ਼ ਬਣ ਗਿਆ। ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਤਮਗਾ ਜੇਤੂ ਤੇ ਪਿਛਲੇ ਕੁਆਲੀਫਾਇਰਸ ਵਿਚ ਮਾਮੂਲੀ ਫਰਕ ਨਾਲ ਓਲੰਪਿਕ ਦੀ ਟਿਕਟ ਕਟਾਉਣ ਤੋਂ ਖੁੰਝਣ ਵਾਲੇ ਨਿਸ਼ਾਂਤ ਨੇ ਕੁਆਰਟਰ ਫਾਈਨਲ ਵਿਚ ਮੋਲਦੋਵਾ ਦੇ ਵਾਸਿਲ ਸੇਬੇਟਾਰੀ ਨੂੰ 5-0 ਨਾਲ ਹਰਾ ਕੇ ਕੋਟਾ ਹਾਸਲ ਕੀਤਾ। ਭਾਰਤ ਨੇ ਇਸ ਤਰ੍ਹਾਂ ਨਾਲ ਮੁੱਕੇਬਾਜ਼ੀ ਵਿਚ ਚੌਥਾ ਕੋਟਾ ਹਾਸਲ ਕੀਤਾ। ਨਿਸ਼ਾਂਤ ਤੋਂ ਪਹਿਲਾਂ ਮਹਿਲਾ ਮੁੱਕੇਬਾਜ਼ ਨਿਕਹਤ ਜ਼ਰੀਨ (50 ਕਿ. ਗ੍ਰਾ.), ਪ੍ਰੀਤ ਪਵਾਰ (54 ਕਿ. ਗ੍ਰਾ.) ਤੇ ਲਵਲੀਨਾ ਬੋਰਗੋਹੇਨ (75 ਕਿ. ਗ੍ਰਾ.) ਪੈਰਿਸ ਲਈ ਆਪਣੀ ਟਿਕਟ ਪੱਕੀ ਕਰ ਚੁੱਕੀਆਂ ਹਨ। ਪੁਰਸ਼ਾਂ ਦੇ 71 ਕਿ. ਗ੍ਰਾ. ਭਾਰ ਵਰਗ ਵਿਚ 5 ਕੋਟਾ ਸਥਾਨ ਦਾਅ ’ਤੇ ਲੱਗੇ ਸਨ ਤੇ ਇਸ ਤਰ੍ਹਾਂ ਨਾਲ ਨਿਸਾਂਤ ਨੇ ਸੈਮੀਫਾਈਨਲ ਵਿਚ ਜਗ੍ਹਾ ਬਣਾ ਕੇ ਪੈਰਿਸ ਓਲੰਪਿਕ ਵਿਚ ਆਪਣਾ ਸਥਾਨ ਪੱਕਾ ਕਰ ਲਿਆ ਹੈ।