'ਬਾਡੀ ਬਿਲਡਰ ਦਾਦੀ' : 75 ਦੀ ਉਮਰ 'ਚ ਅਜੇ ਵੀ ਫਿੱਟ ਹੈ ਆਇਰਿਸ ਡੇਵਿਸ
Tuesday, Feb 26, 2019 - 05:05 AM (IST)

ਜਲੰਧਰ - ਜਾਰਜੀਆ ਦੀ ਰਹਿਣ ਵਾਲੀ ਆਇਰਿਸ ਡੇਵਿਸ ਆਪਣੇ ਮਜ਼ਬੂਤ ਸਰੀਰ ਕਾਰਨ ਇਨ੍ਹੀਂ ਦਿਨੀਂ ਸੋਸ਼ਲ ਸਾਈਟਸ 'ਤੇ ਛਾਈ ਹੋਈ ਹੈ। 75 ਸਾਲਾ ਆਇਰਿਸ ਪ੍ਰੋਫੈਸ਼ਨਲ ਬਾਡੀ ਬਿਲਡਰ ਹੈ। ਉਹ 11 ਵੱਡੇ ਮੁਕਾਬਲੇ ਵੀ ਜਿੱਤ ਚੁੱਕੀ ਹੈ। ਆਇਰਿਸ ਉਦੋਂ ਸਿਰਫ 22 ਸਾਲਾਂ ਦੀ ਸੀ, ਜਦੋਂ ਉਸ ਦੇ ਇਕ ਬੇਟੇ ਤੇ ਪਤੀ ਦੀ ਮੌਤ ਹੋ ਗਈ ਸੀ। 2 ਮੌਤਾਂ ਹੋਣ ਕਾਰਨ ਉਹ ਸਦਮੇ ਵਿਚ ਸੀ। ਇਸੇ ਕਾਰਨ ਉਹ ਲੰਬੇ ਸਮੇਂ ਤਕ ਡਿਪ੍ਰੈਸ਼ਨ ਵਿਚ ਵੀ ਰਹੀ। ਇਸ ਦੌਰਾਨ ਆਪਣੇ ਛੋਟੇ ਬੇਟੇ ਨੂੰ ਲੈ ਕੇ ਉਹ ਲੰਡਨ ਵਿਚ ਜਾਰਜੀਆ ਆ ਗਈ। ਇਥੇ ਆਪਣਾ ਆਤਮ-ਵਿਸ਼ਵਾਸ ਵਾਪਸ ਹਾਸਲ ਕਰਨ ਲਈ ਉਸ ਨੇ ਬਾਡੀ ਬਿਲਡਿੰਗ ਸ਼ੁਰੂ ਕਰ ਦਿੱਤੀ। ਆਇਰਿਸ ਦਾ ਕਹਿਣਾ ਹੈ ਕਿ 1960 ਦੇ ਦਹਾਕੇ ਵਿਚ ਜਦੋਂ ਉਸ ਨੇ ਬਾਡੀ ਬਿਲਡਰ ਬਣਨ ਦੀ ਠਾਣ ਲਈ, ਉਦੋਂ ਹਾਲਾਤ ਇੰਨੇ ਆਮ ਨਹੀਂ ਸਨ। ਮਹਿਲਾਵਾਂ ਲਈ ਜਿਮ ਜਾਣਾ ਚੰਗਾ ਨਹੀਂ ਸਮਝਿਆ ਜਾਂਦਾ ਸੀ। ਆਖਿਰਕਾਰ ਜਦੋਂ ਉਹ 50 ਸਾਲ ਦੀ ਹੋ ਗਈ ਤਾਂ ਇਕ ਬਾਡੀ ਬਿਲਡਿੰਗ ਮੁਕਾਬਲੇ ਵਿਚ ਹਿੱਸਾ ਲਿਆ।
ਬਾਡੀ ਬਿਲਡਿੰਗ ਕਾਰਨ ਆਇਰਿਸ ਬੇਹੱਦ ਤਜਰਬੇਕਾਰ ਹੋ ਚੁੱਕੀ ਹੈ। ਹੁਣ ਉਹ ਆਪਣੇ ਜਿਮ ਵਿਚ 18 ਤੋਂ 80 ਸਾਲ ਦੇ ਲੋਕਾਂ ਨੂੰ ਟਰੇਨਿੰਗ ਵੀ ਦਿੰਦੀ ਹੈ। ਸਟ੍ਰਿਕਟ ਡਾਈਟ ਤੇ ਰੁਟੀਨ ਐਕਸਰਾਈਜ਼ ਕਰ ਕੇ ਉਸ ਨੇ ਖੁਦ ਨੂੰ ਫਿੱਟ ਬਣਾਈ ਰੱਖਿਆ ਹੈ।