ਮੌਜੂਦਾ ਹਾਲਾਤ ਲਈ ਬੋਰਡ ਹੈ ਜ਼ਿੰਮੇਵਾਰ : ਤੇਂਦੁਲਕਰ

Sunday, May 05, 2019 - 10:15 PM (IST)

ਮੌਜੂਦਾ ਹਾਲਾਤ ਲਈ ਬੋਰਡ ਹੈ ਜ਼ਿੰਮੇਵਾਰ : ਤੇਂਦੁਲਕਰ

ਨਵੀਂ ਦਿੱਲੀ — ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਨੇ ਕਥਿਤ ਹਿਤਾਂ ਦੇ ਟਕਰਾਅ ਮਾਮਲੇ ਨੂੰ ਬੀ. ਸੀ. ਸੀ. ਆਈ. ਵੱਲੋਂ 'ਹੱਲ ਕਰਨ ਯੋਗ' ਕਰਾਰ ਦੇਣ ਦੀ ਦਲੀਲ ਨੂੰ ਖਾਰਜ ਕਰਦੇ ਹੋਏ ਕਿਹਾ ਕਿ 'ਮੌਜੂਦਾ ਸਥਿਤੀ' ਲਈ ਬੀ. ਸੀ. ਸੀ. ਆਈ. ਹੀ ਜ਼ਿੰਮੇਵਾਰ ਹੈ। ਤੇਂਦੁਲਕਰ 'ਤੇ ਦੋਸ਼ ਹੈ ਕਿ ਉਹ ਕ੍ਰਿਕਟ ਸਲਾਹਕਾਰ ਕਮੇਟੀ ਦੇ ਮੈਂਬਰ ਨਾਲ ਮੁੰਬਈ ਇੰਡੀਅਨਜ਼ ਦੇ 'ਆਈਕਨ' ਹੋਣ ਕਾਰਨ ਦੋਹਰੀ ਭੂਮਿਕਾ ਨਿਭਾਅ ਰਹੇ ਹਨ, ਜੋ ਹਿਤਾਂ ਦੇ ਟਕਰਾਅ ਦਾ ਮਾਮਲਾ ਹੈ। ਤੇਂਦੁਲਕਰ ਨੇ ਇਸ ਮਾਮਲੇ ਵਿਚ ਬੀ. ਸੀ. ਸੀ. ਆਈ. ਦੇ ਨੈਤਿਕ ਅਧਿਕਾਰੀ ਡੀ.ਕੇ. ਜੈਨ ਨੂੰ ਆਪਣਾ ਜਵਾਬ ਸੌਂਪਿਆ ਜਿਸ ਵਿਚ ਉਨ੍ਹਾਂ ਨੇ ਬਿਨੈ ਕੀਤਾ ਕਿ ਪ੍ਰਸ਼ਾਸਕਾਂ ਦੀ ਕਮੇਟੀ (ਸੀ. ਓ. ਏ.) ਦੇ ਮੁਖੀ ਵਿਨੋਦ ਰਾਏ ਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਨੂੰ ਬੁਲਾ ਕੇ ਇਸ ਮਸਲੇ 'ਤੇ 'ਉਨ੍ਹਾਂ ਦੀ ਸਥਿਤੀ ਸਪੱਸ਼ਟ' ਕੀਤੀ ਜਾਵੇ। ਤੇਂਦੁਲਕਰ ਤੇ ਲਕਸ਼ਮਣ ਨੂੰ ਮੱਧ ਪ੍ਰਦੇਸ਼ ਕ੍ਰਿਕਟ ਸੰਘ (ਐੱਮਪੀਸੀਏ) ਦੇ ਮੈਂਬਰ ਸੰਜੀਵ ਗੁਪਤਾ ਵੱਲੋਂ ਦਾਇਰ ਕੀਤੀ ਗਈ ਸ਼ਿਕਾਇਤ 'ਤੇ ਨੋਟਿਸ ਭੇਜਿਆ ਗਿਆ ਸੀ। ਤੇਂਦੁਲਕਰ ਨੂੰ ਹਾਲਾਂਕਿ ਜੌਹਰੀ ਦੇ ਉਸ ਪੱਤਰ (ਸੀਓਏ ਦੀ ਸਲਾਹ ਨਾਲ ਲਿਖੇ ਗਏ) 'ਤੇ ਇਤਰਾਜ਼ ਹੈ ਜੋ ਉਨ੍ਹਾਂ ਨੇ ਸ਼ਿਕਾਇਤਕਰਤਾ ਗੁਪਤਾ ਨੂੰ ਲਿਖਿਆ ਹੈ। ਇਸ ਪੱਤਰ ਵਿਚ ਗਾਂਗੁਲੀ ਵਾਂਗ ਤੇਂਦੁਲਕਰ ਦੇ ਮਾਮਲੇ ਨੂੰ 'ਹੱਲ ਕਰਨ ਯੋਗ ਹਿਤਾਂ ਦਾ ਟਕਰਾਅ' ਦੱਸਿਆ ਗਿਆ ਹੈ। ਤੇਂਦੁਲਕਰ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਲਿਖਿਆ ਕਿ ਕਿਸੇ ਪੱਖਪਾਤ ਤੋਂ ਬਿਨਾਂ ਨੋਟਿਸ ਪ੍ਰਾਪਤਕਰਤਾ (ਤੇਂਦੁਲਕਰ) ਇਸ ਗੱਲ 'ਤੇ ਹੈਰਾਨਗੀ ਜ਼ਾਹਰ ਕਰਦਾ ਹੈ ਕਿ ਉਸ ਨੂੰ ਸੀ. ਏ. ਸੀ. ਮੈਂਬਰ ਬਣਾਉਣ ਦਾ ਫ਼ੈਸਲਾ ਬੀ. ਸੀ. ਸੀ. ਆਈ. ਨੇ ਲਿਆ ਸੀ ਤੇ ਹੁਣ ਉਹ ਹੀ ਇਸ ਨੂੰ ਹਿਤਾਂ ਦੇ ਟਕਰਾਅ ਦਾ ਮਾਮਲਾ ਦੱਸ ਰਹੇ ਹਨ। ਨੋਟਿਸ ਪ੍ਰਾਪਤਕਰਤਾ ਨੂੰ ਸੰਨਿਆਸ ਤੋਂ ਬਾਅਦ 2013 ਵਿਚ ਹੀ ਮੁੰਬਈ ਇੰਡੀਅਨਜ਼ ਦਾ ਆਈਕਨ ਬਣਾਇਆ ਗਿਆ ਸੀ ਜੋ ਸੀ. ਏ .ਸੀ. (2015) ਦੇ ਹੋਂਦ ਵਿਚ ਆਉਣ ਤੋਂ ਕਾਫੀ ਪਹਿਲਾਂ ਤੋਂ ਹੈ।


author

Gurdeep Singh

Content Editor

Related News