ਜਨਮ ਦਿਨ ਸਪੈਸ਼ਲ : ਕਾਰਤਿਕ ਨੇ ਗੁੱਸੇ ’ਚ 8 ਗੇਂਦਾਂ ’ਤੇ ਬਣਾਈਆਂ 29 ਦੌੜਾਂ, ਜਿੱਤਵਾਈ ਸੀ ਨਿਦਾਸ ਟਰਾਫੀ

Tuesday, Jun 01, 2021 - 02:45 PM (IST)

ਜਨਮ ਦਿਨ ਸਪੈਸ਼ਲ : ਕਾਰਤਿਕ ਨੇ ਗੁੱਸੇ ’ਚ 8 ਗੇਂਦਾਂ ’ਤੇ ਬਣਾਈਆਂ 29 ਦੌੜਾਂ, ਜਿੱਤਵਾਈ ਸੀ ਨਿਦਾਸ ਟਰਾਫੀ

ਸਪੋਰਟਸ ਡੈਸਕ : ਭਾਰਤੀ ਵਿਕਟਕੀਪਰ ਬੱਲੇਬਾਜ਼ ਅਤੇ ਆਈ. ਪੀ. ਐੱਲ. ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਉਪ-ਕਪਤਾਨ ਦਿਨੇਸ਼ ਕਾਰਤਿਕ ਅੱਜ ਆਪਣਾ 36ਵਾਂ ਜਨਮ ਦਿਨ ਮਨਾ ਰਹੇ ਹਨ। 1 ਜੂਨ, 1985 ਨੂੰ ਚੇਨਈ ’ਚ ਜਨਮੇ ਕਾਰਤਿਕ ਤਾਮਿਲਨਾਡੂ ਕ੍ਰਿਕਟ ਟੀਮ ਦੇ ਕਪਤਾਨ ਵੀ ਬਣੇ। ਉਨ੍ਹਾਂ ਨੇ 2004 ’ਚ ਆਸਟਰੇਲੀਆ ਖ਼ਿਲਾਫ਼ ਟੈਸਟ ਮੈਚ ਨਾਲ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਬੰਗਲਾਦੇਸ਼ ਖ਼ਿਲਾਫ ਆਪਣਾ ਪਹਿਲਾ ਟੈਸਟ ਸੈਂਕੜਾ ਲਗਾਇਆ। ਉਹ ਇੰਗਲੈਂਡ ਦੇ ਆਪਣੇ ਟੈਸਟ ਦੌਰੇ ’ਚ ਭਾਰਤ ਦੇ ਸਭ ਤੋਂ ਵੱਡੇ ਸਕੋਰਰ ਸਨ। ਆਪਣੀ ਪਹਿਲੀ ਲੜੀ ’ਚ ਉਨ੍ਹਾਂ ਨੇ 21 ਸਾਲਾਂ ਬਾਅਦ ਇੰਗਲੈਂਡ ਵਿਚ ਭਾਰਤ ਦੀ ਜਿੱਤ ਵਿਚ ਯੋਗਦਾਨ ਪਾਇਆ ਪਰ ਨਿਦਾਸ ਟਰਾਫੀ ’ਚ ਬੰਗਲਾਦੇਸ਼ ਖ਼ਿਲਾਫ ਉਨ੍ਹਾਂ ਦੀ ਪਾਰੀ ਅਜੇ ਵੀ ਯਾਦ ਹੈ, ਜਦੋਂ ਉਨ੍ਹਾਂ ਨੇ ਗੁੱਸੇ ’ਚ 8 ਗੇਂਦਾਂ ’ਚ 29 ਦੌੜਾਂ ਬਣਾਈਆਂ ਸਨ।

PunjabKesari

ਨਿਦਾਸ ਟਰਾਫੀ ’ਚ ਕੀਤੀ ਸ਼ਾਨਦਾਰ ਵਾਪਸੀ
ਕਾਰਤਿਕ ਨੇ ਸਾਲ 2004 ’ਚ ਭਾਰਤੀ ਟੀਮ ਲਈ ਡੈਬਿਊ ਕੀਤਾ ਸੀ ਪਰ 14 ਸਾਲ ਬਾਅਦ ਵੀ ਉਹ ਟੀਮ ’ਚ ਸਥਾਈ ਮੈਂਬਰ ਵਜੋਂ ਆਪਣਾ ਸਥਾਨ ਬਣਾਉਣ ’ਚ ਅਸਫਲ ਰਹੇ। ਕਾਰਤਿਕ ਦੇ ਕ੍ਰਿਕਟ ਕਰੀਅਰ ਲਈ ਸਾਲ 2018 ਸ਼ਾਨਦਾਰ ਰਿਹਾ। ਨਿਦਾਸ ਟਰਾਫੀ ਦੇ ਫਾਈਨਲ ’ਚ ਬੰਗਲਾਦੇਸ਼ ਖ਼ਿਲਾਫ਼ ਕਾਰਤਿਕ ਨੇ ਆਖਰੀ ਗੇਂਦ ’ਤੇ ਛੱਕਾ ਮਾਰ ਕੇ ਭਾਰਤੀ ਟੀਮ ਨੂੰ ਯਾਦਗਾਰ ਜਿੱਤ ਦਿਵਾਈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਬੰਗਲਾਦੇਸ਼ ਨੇ ਭਾਰਤ ਨੂੰ 167 ਦੌੜਾਂ ਦਾ ਟੀਚਾ ਦਿੱਤਾ ਸੀ। ਇਸ ਦੇ ਜਵਾਬ ’ਚ ਇਕ ਸਮਾਂ ਸੀ, ਜਦੋਂ ਭਾਰਤ ਜਿੱਤ ਲਈ ਸੰਘਰਸ਼ ਕਰ ਰਿਹਾ ਸੀ। ਮੁਸਤਾਫਿਜ਼ੁਰ ਰਹਿਮਾਨ ਦੀ ਖਤਰਨਾਕ ਗੇਂਦਬਾਜ਼ੀ ਕਾਰਨ ਭਾਰਤ ਨੇ 18 ਓਵਰਾਂ ’ਚ 133 ਦੌੜਾਂ ’ਤੇ 5 ਵਿਕਟਾਂ ਗੁਆ ਦਿੱਤੀਆਂ। ਕਾਰਤਿਕ 7ਵੇਂ ਨੰਬਰ ’ਤੇ ਬੱਲੇਬਾਜ਼ੀ ਕਰਨ ਆਇਆ ਅਤੇ ਬਹੁਤ ਗੁੱਸੇ ’ਚ ਸੀ।

PunjabKesari

ਉਨ੍ਹਾਂ ਨੇ 8 ਗੇਂਦਾਂ ’ਚ ਅਜੇਤੂ 29 ਦੌੜਾਂ ਬਣਾਈਆਂ ਅਤੇ ਟੀਮ ਇੰਡੀਆ ਨੂੰ ਸ਼ਾਨਦਾਰ ਜਿੱਤ ਦਿਵਾਈ। ਹਾਲਾਂਕਿ, ਇੱਕ ਸਮੇਂ ’ਤੇ ਮੈਚ ਭਾਰਤ ਦੇ ਹੱਥੋਂ ਬਾਹਰ ਜਾਂਦਾ ਜਾਪਦਾ ਸੀ। ਸੌਮਿਆ ਸਰਕਾਰ ਨੇ ਆਖਰੀ ਓਵਰ ’ਚ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਆਖਰੀ ਗੇਂਦ ਉੱਤੇ ਭਾਰਤ ਨੂੰ ਜਿੱਤ ਲਈ ਪੰਜ ਦੌੜਾਂ ਦੀ ਲੋੜ ਸੀ। ਅਜਿਹੀ ਸਥਿਤੀ ’ਚ ਕਾਰਤਿਕ ਨੇ ਕਵਰ ਦੇ ਉਪਰੋਂ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ। ਇਸ ਪਾਰੀ ਲਈ ਉਨ੍ਹਾਂ ਨੂੰ ‘ਪਲੇਅਰ ਆਫ ਦਿ ਮੈਚ’ ਵੀ ਚੁਣਿਆ ਗਿਆ।

ਇਸ ਗੱਲ ਤੋਂ ਗੁੱਸੇ ’ਚ ਸਨ
ਇਕ ਵਾਰ ਨਿਦਾਸ ਟਰਾਫੀ ਦਾ ਜ਼ਿਕਰ ਕਰਦਿਆਂ ਕਾਰਤਿਕ ਨੇ ਕਿਹਾ ਕਿ ਫਾਈਨਲ ’ਚ 12 ਗੇਂਦਾਂ ਵਿਚ 34 ਦੌੜਾਂ ਦੀ ਜ਼ਰੂਰਤ ਸੀ ਅਤੇ ਮੈਂ ਬੱਲੇਬਾਜ਼ੀ ਕਰਨ ਜਾ ਰਿਹਾ ਸੀ। ਮੈਂ ਬਹੁਤ ਪਰੇਸ਼ਾਨ ਸੀ। ਮੈਂ ਸੋਚ ਰਿਹਾ ਸੀ ਕਿ ਮੈਂ ਪੰਜਵੇਂ ਨੰਬਰ ’ਤੇ ਬੱਲੇਬਾਜ਼ੀ ਕਰਦਾ ਹਾਂ ਪਰ ਮੈਨੂੰ 7ਵੇਂ ਨੰਬਰ ’ਤੇ ਭੇਜਿਆ ਗਿਆ, ਕੀ ਮੈਂ ਇੰਨਾ ਮਾੜਾ ਖੇਡਦਾ ਹਾਂ ? ਕੀ ਇਹ ਬੱਲੇਬਾਜ਼ ਮੇਰੇ ਨਾਲੋਂ ਵਧੀਆ ਖੇਡਦੇ ਹਨ ਜਾਂ ਉਨ੍ਹਾਂ ਨੂੰ ਮੇਰੇ ’ਤੇ ਵਿਸ਼ਵਾਸ ਨਹੀਂ ? ਕਾਰਤਿਕ ਨੇ ਇਹ ਵੀ ਕਿਹਾ ਕਿ ਉਹ ਰੋਹਿਤ ਨੂੰ ਵੀ ਇਸ ਬਾਰੇ ਪੁੱਛਣਾ ਚਾਹੁੰਦਾ ਸੀ।

PunjabKesari

ਕ੍ਰਿਕਟ ਕਰੀਅਰ
ਕਾਰਤਿਕ ਨੇ 26 ਟੈਸਟਾਂ ਦੀਆਂ 42 ਪਾਰੀਆਂ ’ਚ 1025 ਦੌੜਾਂ ਬਣਾਈਆਂ ਹਨ, ਜਿਨ੍ਹਾਂ ਵਿਚ ਉਨ੍ਹਾਂ ਦਾ ਵੱਡਾ ਸਕੋਰ 129 ਹੈ। ਕਾਰਤਿਕ ਨੇ ਟੈਸਟ ਮੈਚਾਂ ’ਚ ਇਕ ਸੈਂਕੜਾ ਅਤੇ 7 ਅਰਧ ਸੈਂਕੜੇ ਵੀ ਲਗਾਏ ਹਨ। ਵਨ ਡੇ ਮੈਚਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਹੁਣ ਤੱਕ 94 ਮੈਚਾਂ ਦੀਆਂ 79 ਪਾਰੀਆਂ ਵਿਚ 30 ਤੋਂ ਵੱਧ ਦੀ ਔਸਤ ਨਾਲ ਕੁਲ 1752 ਦੌੜਾਂ ਬਣਾਈਆਂ ਹਨ, ਜਿਨ੍ਹਾਂ ’ਚ 9 ਅਰਧ ਸੈਂਕੜੇ ਸ਼ਾਮਲ ਹਨ। ਇਸ ਦੇ ਨਾਲ ਹੀ ਟੀ-20 ਕੌਮਾਂਤਰੀ ਮੈਚਾਂ ਵਿਚ ਉਨ੍ਹਾਂ ਨੇ 32 ਮੈਚਾਂ ’ਚ 26 ਪਾਰੀਆਂ ’ਚ 399 ਦੌੜਾਂ ਬਣਾਈਆਂ ਪਰ ਅਜੇ ਤਕ ਉਹ ਇਸ ਫਾਰਮੈੱਟ ਵਿਚ ਇਕ ਵੀ ਅਰਧ-ਸੈਂਕੜਾ ਜਾਂ ਸੈਂਕੜਾ ਨਹੀਂ ਬਣਾ ਸਕਿਆ।


author

Manoj

Content Editor

Related News