ਟੇਲਰ ਦਾ ਵਨ ਡੇ ਵਿਚ ਵੱਡਾ ਕਾਰਨਾਮਾ, ਅਜਿਹਾ ਕਰਨ ਵਾਲੇ ਨਿਊਜ਼ੀਲਾਂਡ ਦੇ ਪਹਿਲੇ ਬੱਲੇਬਾਜ਼

02/20/2019 3:03:07 PM

ਨਵੀਂ ਦਿੱਲੀ : ਟਿਮ ਸਾਊਥੀ ਦੇ 6 ਵਿਕਟਾਂ ਅਤੇ ਰੌਸ ਟੇਲਰ ਦੇ ਰਿਕਾਰਡ ਅਰਧ ਸੈਂਕੜੇ ਦੀ ਮਦਦ ਨਾਲ ਨਿਊਜ਼ੀਲੈਂਡ ਨੇ ਤੀਜੇ ਅਤੇ ਆਖਰੀ ਵਨ ਡੇ ਕੌਮਾਂਤਰੀ ਕ੍ਰਿਕਟ ਮੈਚ ਵਿਚ ਬੁੱਧਵਾਰ ਨੂੰ ਬੰਗਲਾਦੇਸ਼ ਨੂੰ 88 ਦੌੜਾਂ ਨਾਲ ਕਰਾਰੀ ਹਾਰ ਦੇ ਕੇ ਸੀਰੀਜ਼ ਨੂੰ 3-0 ਨਾਲ ਕਲੀਨ ਸਵੀਪ ਕੀਤਾ। ਇਸ ਤੋਂ ਪਹਿਲਾਂ ਟੇਲਰ ਨੇ 81 ਗੇਂਦਾਂ 'ਤੇ 69 ਦੌੜਾਂ ਬਣਾਈਆਂ ਅਤੇ ਉਹ ਨਿਊਜ਼ੀਲੈਂਡ ਵੱਲੋਂ ਵਨ ਡੇ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ। ਟੇਲਰ ਤੋਂ ਇਲਾਵਾ ਹੈਨਰੀ ਨਿਕੋਲਸ (64) ਅਤੇ ਟਾਮ ਲੈਥਮ (59) ਨੇ ਵੀ ਅਰਧ ਸੈਂਕੜੇ ਲਾਏ। ਜੇਮਸ ਨੀਸ਼ਮ (24 ਗੇਂਦਾਂ 'ਤੇ 37 ਦੌੜਾਂ) ਅਤੇ ਕੋਲਿਨ ਡਿ ਗ੍ਰੈਂਡਹੋਮ (15 ਗੇਂਦਾਂ 'ਤੇ ਅਜੇਤੂ 37) ਨੇ ਆਖਰੀ ਪਲਾਂ ਵਿਚ ਤੂਫਾਨੀ ਬੱਲੇਬਾਜ਼ੀ ਕਰ ਕੇ ਟੀਮ ਦਾ ਸਕੋਰ 6 ਵਿਕਟਾਂ 'ਤੇ 330 ਦੌੜਾਂ 'ਤੇ ਪਹੁੰਾਇਆ। ਟੇਲਰ ਨੇ ਆਪਣੇ ਵਨ ਡੇ ਕਰੀਅਰ ਦਾ 47ਵਾਂ ਅਰਧ ਸੈਂਕੜਾ ਲਾਇਆ ਅਤੇ ਇਸ ਵਿਚਾਲੇ ਉਸ ਨੇ ਇਸ ਸਵਰੂਪ ਵਿਚ ਆਪਣੀ ਦੌੜਾਂ ਦੀ ਗਿਣਤੀ ਨੂੰ 8026 'ਤੇ ਪਹੁੰਚਾਈ। ਉਸ ਨੇ ਫਲੈਮਿੰਗ (8007) ਨੂੰ ਪਿੱਛੇ ਛੱਡਿਆ। ਇਸ 34 ਸਾਲਾ ਬੱਲੇਬਾਜ਼ ਨੇ 203 ਪਾਰੀਆਂ ਵਿਚ 48.34 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ।

PunjabKesari

ਬੰਗਲਾਦੇਸ਼ ਦੇ ਸਾਹਮਣੇ 331 ਦੌੜਾਂ ਦਾ ਟੀਚਾ ਸੀ ਪਰ ਸ਼ੱਬੀਰ ਰਹਿਮਾਨ (102) ਦੇ ਕਰੀਅਰ ਦੇ ਪਹਿਲੇ ਸੈਂਕੜੇ ਦੇ ਬਾਵਜੂਦ ਉਸ ਦੀ ਟੀਮ 47.2 ਓਵਰਾਂ ਵਿਚ 242 ਦੌੜਾਂ 'ਤੇ ਸਿਮਟ ਗਈ। ਨਿਊਜ਼ੀਲੈਂਡ ਦੇ ਪਿਛਲੇ 6 ਵਨ ਡੇ ਵਿਚੋਂ ਬਾਹਰ ਰਹੇ ਸਾਊਥੀ ਨੇ 65 ਦੌੜਾਂ ਦੇ ਕੇ 6 ਵਿਕਟਾਂ ਲਈਆਂ ਜਦਕਿ ਟ੍ਰੈਂਟ ਬੋਲਟ ਨੇ 37 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਵੱਲੋਂ ਮੁਸਤਫਿਜ਼ੁਰ ਰਹਿਮਾਨ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਸ ਨੇ 2 ਵਿਕਟਾਂ ਲਈਆਂ ਪਰ ਇਸ ਦੇ ਲਈ ਉਸ ਨੇ 10 ਓਵਰਾਂ ਵਿਚ 93 ਦੌੜਾਂ ਦਿੱਤੀਆਂ।


Related News