ਸ਼੍ਰੀਲੰਕਾ ਨੂੰ ਵੱਡਾ ਝਟਕਾ, ਪਰੇਰਾ ਚੈਂਪੀਅਨਸ ਟਰਾਫੀ ਤੋਂ ਬਾਹਰ

06/10/2017 8:27:30 PM

ਓਵਲ— ਸ਼੍ਰੀਲੰਕਾਈ ਕ੍ਰਿਕਟ ਟੀਮ ਨੂੰ ਚੈਂਪੀਅਨਸ ਟਰਾਫੀ 'ਚ ਇਕ ਵੱਡਾ ਝਟਕਾ ਲੱਗਾ ਹੈ। ਉਸ ਦੇ ਦਿੱਗਜ ਬੱਲੇਬਾਜ਼ ਕੁਸ਼ਲ ਪਰੇਰਾ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ। ਪਰੇਰਾ ਹੈਮਸਟਰਿੰਗ  ਸੱਟ ਲੱਗਣ ਕਾਰਨ ਮੁਕਾਬਲੇ ਤੋਂ ਬਾਹਰ ਹੋ ਗਏ ਹਨ। ਇਹ ਸੱਟ ਉਨ੍ਹਾਂ ਨੂੰ ਭਾਰਤ ਖਿਲਾਫ ਵੀਰਵਾਰ ਨੂੰ ਹੋਏ ਮੈਚ 'ਚ ਲੱਗੀ ਸੀ।
ਚਮਾਰਾ ਕਾਪੂਗੇਡਰਾ ਤੋਂ ਬਾਅਦ ਸੱਟ ਦੇ ਚੱਲਦੇ ਟੂਰਨਾਮੈਂਟ ਤੋਂ ਬਾਹਰ ਹੋਣ ਵਾਲੇ ਉਹ ਸ਼੍ਰੀਲੰਕਾ ਦੇ ਦੂਜੇ ਅਤੇ ਕੁੱਲ ਚੌਥੇ ਖਿਡਾਰੀ ਬਣੇ ਹਨ। ਉਨ੍ਹਾਂ ਦੀ ਜਗ੍ਹਾ ਧਨੰਜਯ ਡੀਸਿਲਵਾ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ ਹੈ। ਇਹ ਫੈਸਲਾ ਆਈ. ਸੀ. ਸੀ. ਦੀ ਤਕਨੀਕੀ ਕਮੇਟੀ ਦੀ ਮਨਜ਼ੂਰੀ ਨਾਲ ਲਿਆ ਗਿਆ ਹੈ।
ਪਰੇਰਾ ਵੀਰਵਾਰ ਨੂੰ ਭਾਰਤ ਖਿਲਾਫ 47 ਦੌੜਾਂ ਦੀ ਪਾਰੀ ਖੇਡਣ ਤੋਂ ਬਾਅਦ ਰਿਟਾਇਰਡ ਹਰਟ ਹੋਏ ਸਨ। ਉਨ੍ਹਾਂ ਨੇ ਕਪਤਾਨ ਐਂਜਲੋ ਮੈਥਿਊਜ਼ ਦੇ ਨਾਲ 75 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਆਫ ਸਪਿਨਰ ਅਤੇ ਚੋਟੀਕ੍ਰਮ ਦੇ ਬੱਲੇਬਾਜ਼ ਧਨੰਜਯ ਨੇ ਇਸ ਸਾਲ ਦੀ ਸ਼ੁਰੂਆਤ 'ਚ ਦੱਖਣੀ ਅਫਰੀਕਾ ਦੇ ਦੌਰੇ 'ਤੇ ਆਪਣਾ ਆਖਰੀ ਇਕ ਰੋਜ਼ਾ ਖੇਡਿਆ ਸੀ।


Related News