ਵਿੰਡੀਜ਼ ਨੂੰ 444 ਦਾ ਵੱਡਾ ਟੀਚਾ, ਨਿਊਜ਼ੀਲੈਂਡ ਡਰਾਈਵਿੰਗ ਸੀਟ ''ਤੇ

12/12/2017 12:59:22 AM

ਹੈਮਿਲਟਨ— ਟ੍ਰੇਂਟ ਬੋਲਟ (73 ਦੌੜਾਂ 'ਤੇ 4 ਵਿਕਟਾਂ) ਦੀ ਬਿਹਤਰੀਨ ਗੇਂਦਬਾਜ਼ੀ ਤੋਂ ਬਾਅਦ ਰੋਸ ਟੇਲਰ (107) ਦੇ ਸੈਂਕੜੇ ਨਾਲ ਨਿਊਜ਼ੀਲੈਂਡ ਨੇ ਦੂਜੇ ਕ੍ਰਿਕਟ ਟੈਸਟ 'ਤੇ ਆਪਣਾ ਸ਼ਿਕੰਜਾ ਕੱਸਦੇ ਹੋਏ ਵੈਸਟਇੰਡੀਜ਼ ਸਾਹਮਣੇ ਤੀਜੇ ਦਿਨ ਜਿੱਤ ਲਈ 444 ਦੌੜਾਂ ਦਾ ਵੱਡਾ ਟੀਚਾ ਰੱਖ ਦਿੱਤਾ।
ਟੀਚੇ ਦਾ ਪਿੱਛਾ ਕਰਦੇ ਹੋਏ ਵੈਸਟਇੰਡੀਜ਼ ਦੀ ਟੀਮ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ 30 ਦੌੜਾਂ 'ਤੇ ਹੀ ਆਪਣੀਆਂ 2 ਵਿਕਟਾਂ ਗੁਆ ਦਿੱਤੀਆਂ ਹਨ। ਉਸ ਦੇ ਬੱਲੇਬਾਜ਼ ਕਾਰਲੋਸ ਬ੍ਰੈਥਵੇਟ (13) ਤੇ ਸ਼ਾਈ ਹੋਪ (1) ਕ੍ਰੀਜ਼ 'ਤੇ ਅਜੇਤੂ ਹਨ ਤੇ ਉਸ ਦੀਆਂ ਅਜੇ 8 ਵਿਕਟਾਂ ਬਾਕੀ ਰਹਿੰਦੀਆਂ ਹਨ ਅਤੇ ਉਸ ਨੂੰ 414 ਦੌੜਾਂ ਦੀ ਅਜੇ ਵੀ ਲੋੜ ਹੈ। ਕੀਰੋਨ ਪਾਵੇਲ (0) ਨੂੰ ਬੋਲਟ ਨੇ ਅਤੇ ਸ਼ਿਮਰੋਨ ਹੇਤਮਾਏਰ (15) ਨੂੰ ਟਿਮ ਸਾਊਥੀ ਨੇ ਆਊਟ ਕੀਤਾ। ਮੈਚ ਦੇ ਤੀਜੇ ਦਿਨ ਨਿਊਜ਼ੀਲੈਂਡ ਨੇ ਆਪਣੀ ਦੂਜੀ ਪਾਰੀ ਖੇਡੀ ਤੇ 77.4 ਓਵਰਾਂ ਵਿਚ 8 ਵਿਕਟਾਂ 'ਤੇ 291 ਦੌੜਾਂ ਬਣਾ ਕੇ ਪਾਰੀ ਖਤਮ ਐਲਾਨ ਕਰ ਦਿੱਤੀ, ਜਿਸ ਨਾਲ ਉਸ ਨੂੰ 443 ਦੌੜਾਂ ਦੀ ਵੱਡੀ ਬੜ੍ਹਤ ਮਿਲੀ। ਟੇਲਰ ਨੇ 198 ਗੇਂਦਾਂ ਵਿਚ 11 ਚੌਕੇ ਲਾ ਕੇ ਅਜੇਤੂ 107 ਦੌੜਾਂ ਦੀ ਸੈਂਕੜੇ ਵਾਲੀ ਪਾਰੀ ਖੇਡੀ ਤੇ ਕੀਵੀ ਟੀਮ ਨੂੰ ਮਜ਼ਬੂਤ ਸਥਿਤੀ 'ਚ ਪਹੁੰਚਾਇਆ। ਟੇਲਰ ਨੇ ਇਸ ਦੇ ਨਾਲ ਹੀ ਕੇਨ ਵਿਲੀਅਮਸਨ ਤੇ ਮਾਰਟਿਨ ਕ੍ਰੋ ਦੇ 17 ਟੈਸਟ ਸੈਂਕੜਿਆਂ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ। ਉਸ ਤੋਂ ਇਲਾਵਾ ਕਪਤਾਨ ਕੇਨ ਵਿਲੀਅਮਸਨ (54) ਦਾ ਅਰਧ ਸੈਂਕੜਾ ਵੀ ਅਹਿਮ ਰਿਹਾ।  ਇਸ ਤੋਂ ਪਹਿਲਾਂ ਮੈਚ 'ਚ ਸਵੇਰੇ ਨਿਊਜ਼ੀਲੈਂਡ ਨੇ ਵੈਸਟਇੰਡੀਜ਼ ਦੀ ਪਹਿਲੀ ਪਾਰੀ ਨੂੰ 66.5 ਓਵਰਾਂ 'ਚ 221 ਦੌੜਾਂ 'ਤੇ ਢੇਰ ਕਰ ਦਿੱਤਾ।


Related News