IPL 2025 ''ਚ ਹੋਇਆ ਵੱਡਾ ਬਦਲਾਅ ; ਹੁਣ ਆਪਣੇ ਨਹੀਂ, ICC ਦੇ ਨਿਯਮਾਂ ਅਨੁਸਾਰ ਹੋਵੇਗਾ ਟੂਰਨਾਮੈਂਟ
Sunday, Jan 12, 2025 - 10:37 PM (IST)
ਸਪੋਰਟਸ ਡੈਸਕ- ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2025, ਜੋ ਕਿ ਟੂਰਨਾਮੈਂਟ ਦਾ 18ਵਾਂ ਸੀਜ਼ਨ ਹੋਵੇਗਾ, ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਆਈ.ਪੀ.ਐੱਲ. 2025 ਦਾ ਆਗਾਜ਼ 21 ਮਾਰਚ ਨੂੰ ਹੋਵੇਗਾ, ਜਿਸ ਲਈ ਤਿਆਰੀਆਂ ਕੱਸ ਲਈਆਂ ਗਈਆਂ ਹਨ।
ਇਸੇ ਦੌਰਾਨ ਆਈ.ਪੀ.ਐੱਲ. ਦੀ ਗਵਰਨਿੰਗ ਕੌਂਸਲ ਨੇ ਐਤਵਾਰ ਨੂੰ ਫੈਸਲਾ ਕੀਤਾ ਕਿ ਟੂਰਨਾਮੈਂਟ 'ਚ ਹੁਣ ਖਿਡਾਰੀ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਦੀ ਆਚਾਰ ਸੰਹਿਤਾ ਦਾ ਪਾਲਣ ਕਰਨਗੇ। ਇਸ ਤੋਂ ਇਲਾਵਾ ਮੀਟਿੰਗ 'ਚ ਇਹ ਵੀ ਫ਼ੈਸਲਾ ਕੀਤਾ ਗਿਆ ਕਿ ਮਹਿਲਾ ਪ੍ਰੀਮੀਅਰ ਲੀਗ (WPL) ਦੇ ਮੈਚ ਇਸ ਵਾਰ ਚਾਰ ਸ਼ਹਿਰਾਂ- ਲਖਨਊ, ਮੁੰਬਈ, ਬੜੌਦਾ ਅਤੇ ਬੈਂਗਲੁਰੂ ਵਿੱਚ ਖੇਡੇ ਜਾਣਗੇ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਉਪ-ਪ੍ਰਧਾਨ ਅਤੇ ਆਈ.ਪੀ.ਐੱਲ. ਦੇ ਸਾਬਕਾ ਚੇਅਰਮੈਨ ਰਾਜੀਵ ਸ਼ੁਕਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਆਈ.ਪੀ.ਐੱਲ. ਦਾ ਆਉਣ ਵਾਲਾ ਸੀਜ਼ਨ 23 ਮਾਰਚ ਨੂੰ ਸ਼ੁਰੂ ਹੋਵੇਗਾ। ਆਈ.ਸੀ.ਸੀ. ਦੇ ਆਚਾਰ ਸੰਹਿਤਾ ਦੀ ਪਾਲਣਾ ਕਰਨ ਦਾ ਫੈਸਲਾ ਵੀ ਐਤਵਾਰ ਨੂੰ ਹੋਈ ਮੀਟਿੰਗ ਦੌਰਾਨ ਹੀ ਲਿਆ ਗਿਆ ਹੈ।
ਗਵਰਨਿੰਗ ਕੌਂਸਲ ਦੇ ਇਕ ਮੈਂਬਰ ਨੇ ਦੱਸਿਆ ਕਿ ਹੁਣ ਤੋਂ ਆਈ.ਪੀ.ਐੱਲ. 'ਚ ਲੈਵਲ 1, 2 ਅਤੇ 3 ਦੀ ਉਲੰਘਣਾ ਕਰਨ 'ਤੇ ਆਈ.ਸੀ.ਸੀ. ਵੱਲੋਂ ਤੈਅ ਕੀਤਾ ਗਿਆ ਜੁਰਮਾਨਾ ਲਗਾਇਆ ਜਾਵੇਗਾ। ਇਸ ਆਚਾਰ ਸੰਹਿਤਾ ਅਨੁਸਾਰ, ਹੁਣ ਆਈ.ਪੀ.ਐੱਲ. 'ਚ ਲੈਵਲ-1 ਦੀ ਉਲੰਘਣਾ ਕਰਨ 'ਤੇ ਖਿਡਾਰੀ ਨੂੰ ਮੈਚ ਫ਼ੀਸ ਦਾ 50 ਫ਼ੀਸਦੀ ਤੱਕ ਜੁਰਮਾਨਾ ਲਗਾਇਆ ਜਾਵੇਗਾ। ਲੈਵਲ-2 ਦੀ ਉਲੰਘਣਾ ਕਰਨ 'ਤੇ ਖਿਡਾਰੀ ਨੂੰ 50-100 ਫ਼ੀਸਦੀ ਤੱਕ ਜੁਰਮਾਨਾ ਲਗਾਇਆ ਜਾਵੇਗਾ, ਜਦਕਿ ਲੈਵਲ-3 ਦੀ ਉਲੰਘਣਾ ਕਰਨ 'ਤੇ ਖਿਡਾਰੀ 'ਤੇ 6 ਟੈਸਟ ਜਾਂ 12 ਵਨਡੇ ਮੈਚਾਂ ਲਈ ਬੈਨ ਕੀਤਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਹਿਲਾਂ ਆਈ.ਪੀ.ਐੱਲ. ਦੀ ਆਪਣੀ ਆਚਾਰ ਸੰਹਿਤਾ ਸੀ, ਪਰ ਹੁਣ ਇਸ ਟੂਰਨਾਮੈਂਟ 'ਚ ਆਈ.ਸੀ.ਸੀ. ਟੀ-20 ਅੰਤਰਰਾਸ਼ਟਰੀ ਕ੍ਰਿਕਟ ਦੇ ਨਿਯਮਾਂ ਅਨੁਸਾਰ ਖੇਡਣ ਦੀਆਂ ਸ਼ਰਤਾਂ ਦੀ ਪਾਲਣਾ ਕੀਤੀ ਜਾਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e