ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ 'ਚ ਭਵਾਨੀ ਦੇਵੀ ਨੇ ਭਾਰਤ ਨੂੰ ਦਿਵਾਇਆ ਗੋਲਡ ਮੈਡਲ

Wednesday, Aug 10, 2022 - 05:25 PM (IST)

ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ 'ਚ ਭਵਾਨੀ ਦੇਵੀ ਨੇ ਭਾਰਤ ਨੂੰ ਦਿਵਾਇਆ ਗੋਲਡ ਮੈਡਲ

ਲੰਡਨ (ਏਜੰਸੀ) : ਭਾਰਤ ਦੀ ਭਵਾਨੀ ਦੇਵੀ ਨੇ ਇੱਥੇ ਚੱਲ ਰਹੀ ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤ ਕੇ ਆਪਣੇ ਖ਼ਿਤਾਬ ਦਾ ਬਚਾਅ ਕੀਤਾ। ਵਿਸ਼ਵ ਵਿੱਚ 42ਵਾਂ ਦਰਜਾ ਪ੍ਰਾਪਤ ਭਾਰਤੀ ਤਲਵਾਰਬਾਜ਼ ਨੇ ਮੰਗਲਵਾਰ ਨੂੰ ਸੀਨੀਅਰ ਮਹਿਲਾ ਸਾਬਰੇ ਵਿਅਕਤੀਗਤ ਵਰਗ ਦੇ ਮੁਕਾਬਲੇ ਦੇ ਫਾਈਨਲ ਵਿੱਚ ਆਸਟਰੇਲੀਆ ਦੀ ਵੇਰੋਨਿਕਾ ਵਾਸੀਲੇਵਾ ਨੂੰ 15-10 ਨਾਲ ਹਰਾਇਆ। ਓਲੰਪਿਕ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਤਲਵਾਰਬਾਜ਼ ਬਣਨ ਤੋਂ ਬਾਅਦ ਚੇਨਈ ਵਿੱਚ ਜਨਮੀ ਭਵਾਨੀ ਨੇ ਆਪਣੀ ਖੇਡ ਵਿੱਚ ਲਗਾਤਾਰ ਤਰੱਕੀ ਕੀਤੀ ਹੈ। ਉਸ ਨੇ ਇਸਤਾਂਬੁਲ ਵਿੱਚ ਖੇਡੇ ਗਏ ਵਿਸ਼ਵ ਕੱਪ ਨਾਲ ਇਸ ਸਾਲ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਉਹ 23ਵੇਂ ਸਥਾਨ 'ਤੇ ਰਹੀ। ਭਵਾਨੀ ਨੇ ਫਿਰ ਜੁਲਾਈ ਵਿੱਚ ਕਾਹਿਰਾ ਵਿੱਚ ਵਿਸ਼ਵ ਚੈਂਪੀਅਨਸ਼ਿਪ ਵਿੱਚ ਹਿੱਸਾ ਲਿਆ ਅਤੇ ਦੂਜੇ ਦੌਰ ਵਿੱਚ ਪਹੁੰਚਣ ਵਿੱਚ ਕਾਮਯਾਬ ਰਹੀ।

ਇਹ ਵੀ ਪੜ੍ਹੋਂ: ਮੱਧ ਪ੍ਰਦੇਸ਼ ਦੀ ਪ੍ਰਿਅੰਕਾ ਨੇ ਇੰਟਰਨੈਸ਼ਨਲ ਵੁਸ਼ੂ ਟੂਰਨਾਮੈਂਟ 'ਚ ਜਿੱਤਿਆ ਸੋਨ ਤਮਗਾ

 

ਰਾਸ਼ਟਰਮੰਡਲ ਤਲਵਾਰਬਾਜ਼ੀ ਚੈਂਪੀਅਨਸ਼ਿਪ ਇਸ ਸਾਲ ਉਸ ਦਾ ਦਸਵਾਂ ਅੰਤਰਰਾਸ਼ਟਰੀ ਟੂਰਨਾਮੈਂਟ ਹੈ। ਆਪਣੀ ਜਿੱਤ 'ਤੇ ਭਵਾਨੀ ਨੇ ਕਿਹਾ, 'ਫਾਈਨਲ ਬਹੁਤ ਮੁਸ਼ਕਿਲ ਸੀ ਅਤੇ ਮੈਂ ਇਸ ਸਾਲ ਭਾਰਤ ਲਈ ਇਕ ਹੋਰ ਸੋਨ ਤਮਗਾ ਜਿੱਤ ਕੇ ਬੇਹੱਦ ਖੁਸ਼ ਹਾਂ। ਮੇਰੇ ਲਈ ਇਸ ਸਾਲ ਦਾ ਸਫ਼ਰ ਹੁਣ ਤੱਕ ਬਹੁਤ ਵਧੀਆ ਰਿਹਾ ਹੈ ਅਤੇ ਮੈਂ ਆਉਣ ਵਾਲੇ ਮੁਕਾਬਲਿਆਂ ਵਿੱਚ ਵੀ ਇਸੇ ਗਤੀ ਨੂੰ ਬਰਕਰਾਰ ਰੱਖਣਾ ਚਾਹੁੰਦੀ ਹਾਂ।' ਇੰਡੀਅਨ ਫੈਂਸਿੰਗ ਐਸੋਸੀਏਸ਼ਨ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਉਨ੍ਹਾਂ ਨੂੰ ਦੇਸ਼ ਵਿੱਚ ਤਲਵਾਰਬਾਜ਼ੀ ਦੇ ਮਸ਼ਾਲਵਾਹਕ ਵਜੋਂ ਦੇਖਦੇ ਹਨ। ਮਹਿਤਾ ਨੇ ਕਿਹਾ, 'ਉਹ ਭਾਰਤ ਦੇ ਹਰ ਤਲਵਾਰਬਾਜ਼ ਲਈ ਪ੍ਰੇਰਨਾ ਸਰੋਤ ਹੈ ਅਤੇ ਉਸ ਦੇ ਕਾਰਨ ਬਹੁਤ ਸਾਰੇ ਨੌਜਵਾਨ ਇਸ ਖੇਡ ਵਿੱਚ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾਉਣ ਦਾ ਸੁਫ਼ਨਾ ਦੇਖਦੇ ਹਨ। ਇਸ ਸੋਨ ਤਮਗੇ ਨੇ ਸਾਡਾ ਭਰੋਸਾ ਵਧਾ ਦਿੱਤਾ ਹੈ ਕਿ ਭਾਰਤ ਵਿੱਚ ਤਲਵਾਰਬਾਜ਼ੀ ਦੀ ਖੇਡ ਅੱਗੇ ਵੱਧ ਰਹੀ ਹੈ।'

ਇਹ ਵੀ ਪੜ੍ਹੋਂ: ਸ਼ਤਰੰਜ ਓਲੰਪੀਆਡ 'ਚ ਤਮਗਾ ਜੇਤੂ ਭਾਰਤੀ ਟੀਮਾਂ ਲਈ ਤਾਮਿਲਨਾਡੂ ਸਰਕਾਰ ਨੇ ਕੀਤਾ ਵੱਡਾ ਐਲਾਨ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News