ਕਿਲਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਖੇਡਾਂ ਸ਼ਾਨੋ-ਸ਼ੌਕਤ ਨਾਲ ਸ਼ੁਰੂ

Saturday, Feb 03, 2018 - 12:16 AM (IST)

ਕਿਲਾ ਰਾਏਪੁਰ ਦੀਆਂ ਪੇਂਡੂ ਓਲੰਪਿਕ ਖੇਡਾਂ ਸ਼ਾਨੋ-ਸ਼ੌਕਤ ਨਾਲ ਸ਼ੁਰੂ

ਡੇਹਲੋਂ (ਡਾ. ਪ੍ਰਦੀਪ ਸ਼ਰਮਾ)-ਪੇਂਡੂ ਓਲੰਪਿਕ ਦੇ ਨਾਂ ਨਾਲ ਦੁਨੀਆ ਭਰ 'ਚ ਮਸ਼ਹੂਰ ਕਿਲਾ ਰਾਏਪੁਰ ਦੀਆਂ ਖੇਡਾਂ ਅੱਜ ਗਰੇਵਾਲ ਖੇਡ ਸਟੇਡੀਅਮ ਵਿਖੇ ਸ਼ਾਨੋ-ਸ਼ੌਕਤ ਨਾਲ ਸ਼ੁਰੂ ਹੋ ਗਈਆਂ। ਖੇਡਾਂ ਦਾ ਉਦਘਾਟਨ ਹਲਕਾ  ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕੀਤਾ। ਇਸ ਮੌਕੇ ਰਣਜੀਤ ਸਿੰਘ ਮਾਂਗਟ, ਪਰਮਜੀਤ ਸਿੰਘ ਘਵੱਦੀ ਸਕੱਤਰ ਪੰਜਾਬ ਕਾਂਗਰਸ, ਗੌਰਵ ਬੱਬਾ, ਜਿਪੀ ਮਾਜਰੀ, ਨਿਰਮਲ ਸਿੰਘ ਨਿੰਮਾ ਡੇਹਲੋਂ ਅਤੇ ਮਨਜੀਤ ਸਿੰਘ ਹੰਬੜਾਂ ਆਦਿ ਵੀ ਉਨ੍ਹਾਂ ਦੇ ਨਾਲ ਸਨ। ਪਹਿਲੇ ਦਿਨ ਭਗਵੰਤ ਮੈਮੋਰੀਅਲ ਗੋਲਡ ਕੱਪ ਲਈ ਹਾਕੀ ਸੀਨੀਅਰ ਦੇ ਮੁਕਾਬਲੇ, ਕੁੱਤਿਆਂ ਦੀਆਂ ਟਰੈਕ ਦੌੜਾਂ, ਸਾਈਕਲ ਦੌੜ ਅਤੇ ਐਥਲੈਟਿਕਸ ਦੇ ਮੁਕਾਬਲੇ ਹੋਏ।


ਅੱਜ ਹੋਏ ਜੂਨੀਅਰ ਵਰਗ ਦੇ ਐਥਲੈਟਿਕਸ ਮੁਕਾਬਲਿਆਂ 'ਚੋਂ 100 ਮੀਟਰ ਲੜਕੇ ਅੰਡਰ-19 'ਚੋਂ ਭੈਣੀ ਵੜਿੰਗ ਦੇ ਸ਼ਰਨਦੀਪ ਸਿੰਘ ਨੇ ਪਹਿਲਾ, ਪਠਾਨਕੋਟ ਦੇ ਸਾਹਿਬ ਮੇਹਰਾ ਨੇ ਦੂਸਰਾ ਅਤੇ ਜਲੰਧਰ ਦੇ ਜਸ਼ਨਪ੍ਰੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਾਇਮਰੀ ਸਕੂਲਾਂ ਦੇ ਲੜਕਿਆਂ 'ਚੋਂ ਅਮਨਪ੍ਰੀਤ ਰਾਏਕੋਟ ਨੇ ਪਹਿਲਾ, ਹਰਮਨ ਸੁਨਾਮ ਨੇ ਦੂਸਰਾ, ਜਦਕਿ ਸੁਨਾਮ ਦੇ ਹੀ ਹਰਦੀਪ ਨੇ ਤੀਸਰਾ ਸਥਾਨ ਹਾਸਲ ਕੀਤਾ। 400 ਮੀਟਰ ਜੂਨੀਅਰ ਲੜਕੀਆਂ 'ਚੋਂ ਪਟਿਆਲਾ ਦੀ ਪ੍ਰਾਚੀ ਪਹਿਲੇ ਸਥਾਨ 'ਤੇ ਰਹੀ, ਜਦਕਿ ਤਰਨਤਾਰਨ ਦੀ ਅਮਨਪ੍ਰੀਤ ਕੌਰ ਦੂਸਰੇ ਅਤੇ ਲੁਧਿਆਣਾ ਦੀ ਪ੍ਰਵੀਨ ਤੀਸਰੇ ਸਥਾਨ 'ਤੇ ਰਹੀ, 100 ਮੀਟਰ ਜੂਨੀਅਰ ਲੜਕੀਆਂ 'ਚੋਂ ਵੀ ਪਟਿਆਲਾ ਦੀ ਪ੍ਰਾਚੀ ਨੇ ਪਹਿਲਾ ਸਥਾਨ ਮੱਲਿਆ, ਜਦਕਿ ਪਟਿਆਲਾ ਦੀ ਰੀਤੂ ਦੂਸਰੇ ਅਤੇ ਲੁਧਿਆਣਾ ਦੀ ਸੁਖਵਿੰਦਰ ਤੀਸਰੇ ਸਥਾਨ 'ਤੇ ਰਹੀ। ਪ੍ਰਾਇਮਰੀ ਸਕੂਲ ਦੇ ਲੜਕਿਆਂ ਦੀ 400 ਮੀਟਰ ਦੌੜ 'ਚੋਂ ਰਾਏਕੋਟ ਦਾ ਅਮਨਪ੍ਰੀਤ ਪਹਿਲੇ, ਅੰਮ੍ਰਿਤਪਾਲ ਬਿਲਾਸਪੁਰ ਦੂਸਰੇ ਅਤੇ ਹਰਮਨ ਸੁਨਾਮ ਤੀਸਰੇ ਸਥਾਨ 'ਤੇ ਰਿਹਾ। 400 ਮੀਟਰ ਜੂਨੀਅਰ ਲੜਕਿਆਂ 'ਚੋਂ ਜਲੰਧਰ ਦੇ ਜਸ਼ਨਪ੍ਰੀਤ ਸਿੰਘ ਨੇ ਪਹਿਲਾ, ਲੁਧਿਆਣਾ ਦੇ ਗੁਰਕੋਮਲ ਸਿੰਘ ਨੇ ਦੂਸਰਾ ਅਤੇ ਗੁਰਦਾਸਪੁਰ ਦੇ ਲਵਜੋਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਸਾਈਕਲ ਦੌੜ 'ਚੋਂ ਲੁਧਿਆਣਾ ਦੇ ਸਾਹਿਲ ਨੇ ਪਹਿਲਾ ਸਥਾਨ ਮੱਲਿਆ, ਜਦਕਿ ਪਟਿਆਲਾ ਦਾ ਅਨਮੋਲਪ੍ਰੀਤ ਦੂਸਰੇ ਅਤੇ ਗੁਰਕਰਨ ਤੀਸਰੇ ਸਥਾਨ 'ਤੇ ਰਹੇ।


ਕੁੱਤਿਆਂ ਦੀਆਂ ਟਰੈਕ ਦੌੜਾਂ 'ਚੋਂ ਗੁਰਤੇਜ ਸਿੰਘ ਗੁੱਜਰਵਾਲ ਦੀ ਕੁੱਤੀ ਜੂਨੀਅਰ ਲੀਗ ਨੇ ਬਾਕੀਆਂ ਨੂੰ ਪਛਾੜਦਿਆਂ ਪਹਿਲਾ ਸਥਾਨ ਮੱਲਿਆ, ਜਦਕਿ ਹਰਜੀਤ ਸਿੰਘ ਕਮਾਲਪੁਰ ਦਾ ਕੁੱਤਾ ਬਲੈਕ ਹੌਰਸ ਦੂਸਰੇ, ਇਕਬਾਲ ਟਾਈਗਰ ਗਰੁੱਪ ਦਾ ਬਲੈਕ ਮੈਜਿਕ ਤੀਸਰੇ, ਹਰਮਨ ਸਰਾਓਂ ਮਾਲਵਾ ਬ੍ਰਦਰਜ਼ ਦਾ ਕੁੱਤਾ 'ਏ ਕੇ ਸੰਤਾਲੀ' ਚੌਥੇ, ਕਮਾਲਪੁਰਾ ਫਰੀਡਮ ਦਾ ਕੁੱਤਾ ਰੁਸਤਮ ਪੰਜਵੇਂ, ਹਰਪ੍ਰੀਤ ਧਾਲੀਵਾਲ ਦਾ 'ਰੌਕਟ ਲਾਂਚਰ' ਛੇਵੇਂ, ਇਕਬਾਲ ਜੜਤੌਲੀ ਦਾ ਈਗਲ ਸੱਤਵੇਂ ਅਤੇ ਰਾਹੁਲ ਭੰਗੂ ਦੀ ਕੁੱਤੀ ਹੰਟ ਅੱਠਵੇਂ ਸਥਾਨ 'ਤੇ ਰਹੀ। 
ਐਸੋ. ਦੇ ਪ੍ਰਧਾਨ ਗੁਰਸੰਦੀਪ ਸਿੰਘ ਸਨੀ, ਸੈਕਟਰੀ ਬਲਵਿੰਦਰ ਜੱਗਾ ਅਤੇ ਕੈਸ਼ੀਅਰ ਜਸਜੀਤ ਸਿੰਘ ਹਨੀ ਨੇ ਦੱਸਿਆ ਕਿ 3 ਫਰਵਰੀ ਨੂੰ ਜਿਥੇ ਭਗਵੰਤ ਮੈਮੋਰੀਅਲ ਗੋਲਡ ਕੱਪ ਲਈ ਟੀਮਾਂ ਭਿੜਨਗੀਆਂ, ਉਥੇ ਹੀ ਕਬੱਡੀ, ਟਰੈਕਟਰ ਦੌੜ ਅਤੇ ਐਥਲੈਟਿਕਸ ਦੇ ਮੁਕਾਬਲੇ ਵੀ ਹੋਣਗੇ।


ਅੱਜ ਹੋਰਨਾਂ ਤੋਂ ਇਲਾਵਾ ਜਗਜੀਵਨ ਸਿੰਘ ਖੀਰਨੀਆਂ, ਹਰਕਰਨ ਸਿੰਘ ਵੈਦ, ਰਮਨਦੀਪ ਸਿੰਘ ਭੁੱਲਰ ਏ. ਸੀ. ਪੀ. ਗਿੱਲ, ਕੰਵਲਜੀਤ ਸਿੰਘ ਥਾਣਾ ਮੁਖੀ ਡੇਹਲੋਂ, ਜਗਬੀਰ ਸਿੰਘ ਗਰੇਵਾਲ, ਹਾਕੀ ਖਿਡਾਰੀ ਬਲਵਿੰਦਰ ਸਿੰਘ ਜੱਗਾ, ਰੁਪਿੰਦਰ ਸਿੰਘ ਗਰੇਵਾਲ, ਪ੍ਰੀਤ ਗਰੇਵਾਲ, ਪਰਮਜੀਤ ਸਿੰਘ ਗਰੇਵਾਲ ਟਾਇਰ, ਜਗਦੀਸ਼ ਸਿੰਘ, ਜਗਜੀਵਨ ਸਿੰਘ ਡੇਹਲੋਂ, ਸ਼ਵੀ ਗਰੇਵਾਲ, ਬੱਬੀ ਨਾਰੰਗਵਾਲ, ਨਰੋਤਮਜੀਤ ਸਿੰਘ, ਹੁਸ਼ਿਆਰ ਸਿੰਘ, ਹਰਵਿੰਦਰ ਸਿੰਘ ਬਿੱਲੂ, ਕੁਲਜਿੰਦਰ ਸਿੰਘ ਜਿੰਦੀ, ਹਰਜੀਤ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਮਟਰੀ, ਬਿਕਰਮਜੀਤ ਸਿੰਘ ਵਿੱਕੀ, ਦਲਬੀਰ ਸਿੰਘ, ਕੁਲਜੀਤ ਸਿੰਘ ਆਦਿ ਹਾਜ਼ਰ ਸਨ।


Related News