BCCI ਨੇ ਠੁਕਰਾਇਆ ਮਹਿਲਾ ਟੀ20 ਵਿਸ਼ਵ ਕੱਪ ਦੀ ਮੇਜ਼ਬਾਨੀ ਦਾ ਪ੍ਰਸਤਾਵ
Thursday, Aug 15, 2024 - 03:55 PM (IST)
ਸਪੋਰਟਸ ਡੈਸਕ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਮਹਿਲਾ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਬੀਸੀਸੀਆਈ ਦੇ 3 ਅਕਤੂਬਰ ਤੋਂ 20 ਅਕਤੂਬਰ ਦੇ ਵਿਚਕਾਰ ਹੋਣ ਵਾਲੇ ਇਸ ਟੂਰਨਾਮੈਂਟ ਦੀ ਮੇਜ਼ਬਾਨੀ ਤੋਂ ਹਟਣ ਤੋਂ ਬਾਅਦ, ਸ਼੍ਰੀਲੰਕਾ ਅਤੇ ਯੂਏਈ ਦੇ ਕੋਲ ਹੋਰ ਵਿਕਲਪ ਬਚੇ ਹਨ। ਆਈਸੀਸੀ ਨੇ ਮੇਜ਼ਬਾਨੀ 'ਤੇ 20 ਅਗਸਤ ਨੂੰ ਫੈਸਲਾ ਲੈਣਾ ਹੈ।
ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਇੱਕ ਅੰਗਰੇਜ਼ੀ ਅਖਬਾਰ ਨਾਲ ਗੱਲਬਾਤ ਵਿੱਚ ਕਿਹਾ, “ਆਈਸੀਸੀ ਨੇ ਸਾਨੂੰ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਦਾ ਪ੍ਰਸਤਾਵ ਦਿੱਤਾ ਸੀ। ਪਰ ਮੈਂ ਸਾਫ਼ ਤੌਰ 'ਤੇ ਇਨਕਾਰ ਕਰ ਦਿੱਤਾ, ਇੱਥੇ ਬਰਸਾਤ ਦਾ ਮੌਸਮ ਹੈ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਾਨੂੰ ਅਗਲੇ ਸਾਲ ਮਹਿਲਾ ਵਨਡੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨੀ ਹੈ। ਮੈਂ ਕਿਸੇ ਨੂੰ ਗਲਤ ਸੰਦੇਸ਼ ਨਹੀਂ ਦੇਣਾ ਚਾਹੁੰਦਾ ਕਿ ਅਸੀਂ ਲਗਾਤਾਰ ਦੋ ਵਿਸ਼ਵ ਕੱਪਾਂ ਦੀ ਮੇਜ਼ਬਾਨੀ ਕਰਨਾ ਚਾਹੁੰਦੇ ਹਾਂ।'' ਬੰਗਲਾਦੇਸ਼ ਦੇ ਭਾਰਤ ਦੌਰੇ ਬਾਰੇ ਸ਼ਾਹ ਨੇ ਕਿਹਾ, ''ਅਸੀਂ ਉਨ੍ਹਾਂ (ਬੰਗਲਾਦੇਸ਼ ਦੇ ਅਧਿਕਾਰੀਆਂ) ਨਾਲ ਗੱਲ ਨਹੀਂ ਕੀਤੀ ਹੈ। ਉੱਥੇ ਨਵੀਂ ਸਰਕਾਰ ਨੇ ਚਾਰਜ ਸੰਭਾਲ ਲਿਆ ਹੈ। ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਜਾਂ ਮੈਂ ਉਨ੍ਹਾਂ ਨਾਲ ਸੰਪਰਕ ਕਰਾਂਗਾ।
ਬੰਗਲਾਦੇਸ਼ ਸੀਰੀਜ਼ ਸਾਡੇ ਲਈ ਬਹੁਤ ਮਹੱਤਵਪੂਰਨ ਹੈ।'' ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਨੂੰ ਇਸ ਸਮੇਂ ਸਰਕਾਰ ਵਿਰੋਧੀ ਅੰਦੋਲਨਾਂ ਕਾਰਨ ਹਿੰਸਾ ਅਤੇ ਸੁਰੱਖਿਆ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਮੱਦੇਨਜ਼ਰ ਆਈਸੀਸੀ ਬੰਗਲਾਦੇਸ਼ ਦੀ ਬਜਾਏ ਕਿਸੇ ਹੋਰ ਨੂੰ ਮੇਜ਼ਬਾਨੀ ਦਾ ਅਧਿਕਾਰ ਦੇਣ 'ਤੇ ਵਿਚਾਰ ਕਰ ਰਹੀ ਹੈ। ਹਿੰਸਾ ਦੌਰਾਨ ਬੰਗਲਾਦੇਸ਼ ਵਿੱਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।