ਅਫਗਾਨਿਸਤਾਨ ਦੀਆਂ ਮਹਿਲਾ ਕ੍ਰਿਕਟਰਾਂ ਨੂੰ ਵਿਸ਼ਵ ਪੱਧਰੀ ਟੂਰਨਾਮੈਂਟ ਨਾਲ ਜੁੜਨ ਦਾ ਮੌਕਾ ਮਿਲੇਗਾ
Monday, Jul 21, 2025 - 10:34 AM (IST)

ਸਿੰਗਾਪੁਰ– ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਐਤਵਾਰ ਨੂੰ ਆਪਣੇ ਸਾਲਾਨਾ ਸੰਮੇਲਨ ਦੌਰਾਨ ਕਿਹਾ ਕਿ ਤਾਲਿਬਾਨ ਸ਼ਾਸਨ ਦੇ ਕਾਰਨ ਦੇਸ਼ ਨੂੰ ਛੱਡਣ ਵਾਲੀਆਂ ਅਫਗਾਨਿਸਤਾਨ ਤੋਂ ਭੱਜਣ ਵਾਲੀਆਂ ਮਹਿਲਾ ਕ੍ਰਿਕਟਰਾਂ ਨੂੰ ਅਗਲੀਆਂ ਦੋ ਵਿਸ਼ਵ ਪੱਧਰੀ ਪ੍ਰਤੀਯੋਗਿਤਾਵਾਂ ਦੌਰਾਨ ਜੁੜਨ ਦੇ ਮਹੱਤਵਪੂਰਨ ਮੌਕੇ ਮਿਲਣਗੇ।
ਅਫਗਾਨਿਸਤਾਨ ਦੀ ਮਹਿਲਾ ਟੀਮ ਇਸ ਸਾਲ ਦੇ ਅੰਤ ਵਿਚ ਭਾਰਤ ਤੇ ਸ਼੍ਰੀਲੰਕਾ ਵਿਚ ਹੋਣ ਵਾਲੇ ਮਹਿਲਾ ਵਨ ਡੇ ਵਿਸ਼ਵ ਕੱਪ ਤੇ 2026 ਵਿਚ ਇੰਗਲੈਂਡ ਵਿਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਵਿਚ ਸ਼ਾਮਲ ਹੋਣਗੀਆਂ।
ਆਈ. ਸੀ. ਸੀ. ਦੀ ਹਰਾਰੇ ਵਿਚ ਪਿਛਲੀ ਮੀਟਿੰਗ ਦੌਰਾਨ ਇਹ ਤੈਅ ਕੀਤਾ ਗਿਆ ਸੀ ਕਿ ਤਿੰਨ ਸਭ ਤੋਂ ਅਮੀਰ ਕ੍ਰਿਕਟ ਬੋਰਡ (ਭਾਰਤ, ਇੰਗਲੈਂਡ ਤੇ ਆਸਟ੍ਰੇਲੀਆ) ਦੇ ਪ੍ਰਤੀਨਿਧੀਆਂ ਵਾਲੀ ਇਕ ਚੋਟੀ ਦੀ ਕਮੇਟੀ ਅਫਗਾਨਿਸਤਾਨ ਦੀਆਂ ਮਹਿਲਾ ਕ੍ਰਿਕਟਰਾਂ ਦੀ ਮਦਦ ਲਈ ਇਕੱਠੇ ਆਵੇਗੀ। ਅਫਗਾਨਿਸਤਾਨ ਦੀਆਂ ਜ਼ਿਆਦਾਤਰ ਮਹਿਲਾ ਕ੍ਰਿਕਟਰ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਆਸਟ੍ਰੇਲੀਆ ਚਲੀਆਂ ਗਈਆਂ ਸਨ।