ਭਾਰਤੀ ਮਹਿਲਾ ਟੀਮ ਦੀ ਵਨ ਡੇ ’ਚ ਵੀ ਇੰਗਲੈਂਡ ’ਤੇ ਇਤਿਹਾਸਕ ਸੀਰੀਜ਼ ਜਿੱਤ
Wednesday, Jul 23, 2025 - 10:57 AM (IST)

ਚੈਸਟਰ ਲੀ ਸਟ੍ਰੀਟ (ਡਰਹਮ)– ਕਪਤਾਨ ਹਰਮਨਪ੍ਰੀਤ ਕੌਰ (102) ਦੇ ਸੈਂਕੜੇ ਅਤੇ ਕ੍ਰਾਂਤੀ ਗੌੜ ਦੀਆਂ 6 ਵਿਕਟਾਂ ਦੀ ਬਦੌਲਤ ਭਾਰਤ ਨੇ ਮੰਗਲਵਾਰ ਨੂੰ ਇੱਥੇ ਤੀਜੇ ਮਹਿਲਾ ਵਨ ਡੇ ਵਿਚ ਮੇਜ਼ਬਾਨ ਇੰਗਲੈਂਡ ਨੂੰ 13 ਦੌੜਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ। ਇਹ ਇਤਿਹਾਸ ਵਿਚ ਪਹਿਲੀ ਵਾਰ ਹੈ ਜਦੋਂ ਟੀਮ ਇੰਡੀਆ ਨੇ ਇੰਗਲੈਂਡ ਨੂੰ ਉਸਦੇ ਘਰ ਵਿਚ ਵਨ ਡੇ ਵਿਚ ਹਰਾਇਆ ਹੈ। ਇਸ ਤੋਂ ਪਹਿਲਾਂ 5 ਮੈਚਾਂ ਦੀ ਟੀ-20 ਸੀਰੀਜ਼ ’ਚ ਵੀ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ ਨੂੰ 3-2 ਨਾਲ ਹਰਾਇਆ ਸੀ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ ਨਿਰਧਾਰਿਤ 50 ਓਵਰਾਂ ਵਿਚ 318 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਸੀ ਤੇ ਫਿਰ ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਨੂੰ 49.5 ਓਵਰਾਂ ਵਿਚ 305 ਦੌੜਾਂ ’ਤੇ ਸਮੇਟ ਦਿੱਤਾ।
ਇਸ ਤੋਂ ਪਹਿਲਾਂ ਹਰਮਨਪ੍ਰੀਤ ਨੇ 84 ਗੇਂਦਾਂ ਵਿਚ 102 ਦੌੜਾਂ ਦੀ ਪਾਰੀ ਖੇਡੀ। ਇਹ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਵਿਚ ਉਸਦਾ ਪਹਿਲਾ ਸੈਂਕੜਾ ਜਦਕਿ ਵਨ ਡੇ ਕਰੀਅਰ ਦਾ 7ਵਾਂ ਤੇ ਇੰਗਲੈਂਡ ਵਿਰੁੱਧ ਤੀਜਾ ਸੈਂਕੜਾ ਹੈ। ਭਾਰਤੀ ਕਪਤਾਨ ਨੂੰ ਜੇਮਿਮਾ ਰੋਡ੍ਰਿਗਜ਼ ਦਾ ਸ਼ਾਨਦਾਰ ਸਾਥ ਮਿਲਿਆ, ਜਿਸ ਨੇ 45 ਗੇਂਦਾਂ ਵਿਚ 50 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਸਮ੍ਰਿਤੀ ਮੰਧਾਨਾ ਤੇ ਹਰਲੀਨ ਦਿਓਲ ਨੇ ਵੀ 45-45 ਦੌੜਾਂ ਦਾ ਯੋਗਦਾਨ ਦਿੱਤਾ। ਮੰਧਾਨਾ ਦੀ ਸਾਥਣ ਸਲਾਮੀ ਬੱਲੇਬਾਜ਼ ਪ੍ਰਤਿਕਾ ਰਾਵਲ ਨੇ 26 ਜਦਕਿ ਰਿਚਾ ਘੋਸ਼ ਨੇ 18 ਗੇਂਦਾਂ ’ਤੇ 3 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 38 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਟੀਚੇ ਦਾ ਪਿੱਛਾ ਕਰਨ ਉਤਰੀ ਇੰਗਲੈਂਡ ਨੇ 8 ਦੌੜਾਂ ਤੱਕ 2 ਵਿਕਟਾਂ ਗੁਆ ਦਿੱਤੀਆਂ ਸਨ ਪਰ ਇਸ ਤੋਂ ਬਾਅਦ ਕਪਤਾਨ ਨੈਟ ਸਾਈਵਰ ਬ੍ਰੰਟ (98) ਤੇ ਐਮਾ ਲਾਂਬ (68) ਨੇ ਸ਼ਾਨਦਾਰ ਪਾਰੀਆਂ ਖੇਡ ਕੇ ਟੀਮ ਦੀ ਵਾਪਸੀ ਕਰਵਾਈ ਪਰ ਇਸ ਤੋਂ ਬਾਅਦ ਟੀਮ ਸਿਰਫ 300 ਦੌੜਾਂ ਦਾ ਅੰਕੜਾ ਹੀ ਪਾਰ ਕਰ ਸਕੀ।