ਸ਼ੈਫਾਲੀ ਵਨਡੇ ਵਰਲਡ ਕੱਪ ਦੀ ਦੌੜ ’ਚ ਸ਼ਾਮਿਲ : ਮਜ਼ੂਮਦਾਰ
Monday, Jul 14, 2025 - 02:59 PM (IST)

ਸਪੋਰਟਸ ਡੈਸਕ- ਸ਼ੈਫਾਲੀ ਵਰਮਾ ਇਸ ਸਾਲ ਹੋਣ ਵਾਲੇ ਵਨਡੇ ਵਰਲਡ ਕੱਪ ’ਚ ਭਾਰਤੀ ਟੀਮ ’ਚ ਜਗ੍ਹਾ ਬਣਾਉਣ ਦੀ ਦੌੜ ’ਚ ਸ਼ਾਮਿਲ ਹੈ। ਪਿਛਲੇ ਸਾਲ ਟੀ-20 ਵਰਲਡ ਕੱਪ ’ਚ ਭਾਰਤ ਦੇ ਸ਼ੁਰੂਆਤੀ ਦੌਰ ’ਚ ਹੀ ਬਾਹਰ ਹੋਣ ਤੋਂ ਬਾਅਦ ਸ਼ੈਫਾਲੀ ਨੂੰ ਭਾਰਤੀ ਟੀਮ ’ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਹਾਲਾਂਕਿ ਇੰਗਲੈਂਡ ਖਿਲਾਫ ਟੀ-20 ਸੀਰੀਜ਼ ਲਈ ਸ਼ੈਫਾਲੀ ਦੀ ਭਾਰਤੀ ਦਲ ’ਚ ਵਾਪਸੀ ਹੋਈ। ਉਸ ਨੇ ਆਖਰੀ ਮੈਚ ’ਚ 41 ਗੇਂਦਾਂ ’ਤੇ 75 ਦੌੜਾਂ ਦੀ ਪਾਰੀ ਖੇਡਦਿਆਂ ਸਮ੍ਰਿਤੀ ਮੰਧਾਨਾ ਤੋਂ ਬਾਅਦ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਦੇ ਰੂਪ ’ਚ ਸੀਰੀਜ਼ ਸਮਾਪਤ ਕੀਤੀ। ਸ਼ੈਫਾਲੀ ਨੇ 158.55 ਦੇ ਸਟ੍ਰਾਈਕ ਰੇਟ ਅਤੇ 35.20 ਦੀ ਔਸਤ ਨਾਲ ਕੁੱਲ 176 ਦੌੜਾਂ ਬਣਾਈਆਂ, ਜਿਸ ’ਚ 20, 3, 47, 31 ਅਤੇ 75 ਦੌੜਾਂ ਦੀ ਪਾਰੀ ਸ਼ਾਮਿਲ ਹੈ।
ਭਾਰਤ ਦੇ ਮੁੱਖ ਕੋਚ ਅਮੋਲ ਮਜ਼ੂਮਦਾਰ ਨੇ ਕਿਹਾ ਕਿ ਉਹ 30 ਸਤੰਬਰ ਤੋਂ ਘਰੇਲੂ ਜ਼ਮੀਨ ’ਤੇ ਸ਼ੁਰੂ ਹੋਣ ਵਾਲੇ ਵਨਡੇ ਵਰਲਡ ਕੱਪ ਲਈ ‘ਬਿਨਾਂ ਕਿਸੇ ਸ਼ੱਕ’ ਦੇ ਦਾਅਵੇਦਾਰ ਹੈ। ਹਾਲਾਂਕਿ ਦਸੰਬਰ ’ਚ ਵੈਸਟਇੰਡੀਜ਼ ਖਿਲਾਫ ਘਰੇਲੂ ਮੈਦਾਨ ’ਤੇ ਡੈਬਿਊ ਕਰਨ ਦੇ ਬਾਅਦ ਤੋਂ ਪ੍ਰਤੀਕਾ ਰਾਵਲ ਨੇ 11 ਵਨਡੇ ਮੈਚਾਂ ’ਚ 63.80 ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਆਇਰਲੈਂਡ ਖਿਲਾਫ ਘਰੇਲੂ ਮੈਦਾਨ ’ਤੇ ਉਸ ਦਾ ਸਰਵਉੱਚ ਸਕੋਰ 154 ਦੌੜਾਂ ਹੈ ਅਤੇ ਉਸ ਨੇ 5 ਅਰਧ-ਸੈਂਕੜੇ ਵੀ ਲਾਏ ਹਨ।