BCCI ਨੂੰ ਮਹਿਲਾ IPL ਦੀਆਂ ਪੰਜ ਟੀਮਾਂ ਦੀ ਨਿਲਾਮੀ ਤੋਂ 4000 ਕਰੋੜ ਰੁਪਏ ਦੀ ਕਮਾਈ ਦੀ ਉਮੀਦ

01/24/2023 5:46:53 PM

ਨਵੀਂ ਦਿੱਲੀ, (ਭਾਸ਼ਾ)– ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੂੰ ਬੁੱਧਵਾਰ ਨੂੰ ਹੋਣ ਵਾਲੀ ਮਹਿਲਾ ਆਈ. ਪੀ. ਐੱਲ. (ਡਬਲਯੂ. ਆਈ. ਪੀ. ਐੱਲ.) ਦੀਆਂ ਪੰਜ ਟੀਮਾਂ ਦੀ ਨਿਲਾਮੀ ਤੋਂ ਘੱਟ ਤੋਂ ਘੱਟ 4000 ਕਰੋੜ ਰੁਪਏ ਦੀ ਕਮਾਈ ਹੋਣ ਦੀ ਉਮੀਦ ਹੈ ਕਿਉਂਕਿ ਇਸ ਵਿਚ ਚੋਟੀ ਦੇ ਵਪਾਰਕ ਘਰਾਣੇ ਆਪਣੀ ਬੋਲੀ ਲਗਾਉਣਗੇ। ਬਾਜ਼ਾਰ ਮਾਹਿਰਾਂ ਦੇ ਅਨੁਸਾਰ ਟੀਮਾਂ ਦੀ ਬੰਦ ਬੋਲੀ ਨਿਲਾਮੀ ਵਿਚ ਹਰੇਕ ਟੀਮ ਦੇ 500 ਤੋਂ 600 ਕਰੋੜ ਰੁਪਏ ਵਿਚ ਵਿਕਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਪੁਰਸ਼ ਆਈ. ਪੀ. ਐੱਲ. ਟੀਮਾਂ ਦੀ ਨਿਲਾਮੀ ਵਿਚ ਕੰਮ ਕਰ ਚੁੱਕੇ ਉਦਯੋਗ ਜਗਤ ਨਾਲ ਜੁੜੇ ਇਕ ਅੰਦਰੂਨੀ ਸੂਤਰ ਨੇ ਨਿਲਾਮੀ ਤੋਂ ਪਹਿਲਾਂ ਕਿਹਾ, ‘‘ਡਬਲਯੂ. ਆਈ. ਪੀ. ਐੱਲ. ਵਿਚ ਕਾਫੀ ਸੰਭਾਵਨਾ ਹੈ। 

ਕੁਝ ਬੋਲੀ 500 ਕਰੋੜ ਰੁਪਏ ਜਾਂ ਇਸ ਤੋਂ ਵੱਧ ਤਕ ਲੱਗ ਸਕਦੀ ਹੈ। 800 ਕਰੋੜ ਰੁਪਏ ਤੋਂ ਵੱਧ ਦੀ ਬੋਲੀ ਲੱਗਣ ਦੀ ਸੰਭਾਵਨਾ ਘੱਟ ਹੈ ਪਰ ਬੀ. ਸੀ. ਸੀ. ਆਈ. ਨੂੰ ਸ਼ਿਕਾਇਤ ਨਹੀਂ ਹੋਵੇਗੀ।’’ ਡਬਲਯੂ. ਆਈ. ਪੀ. ਐੱਲ. ਦੀਆਂ ਟੀਮਾਂ ਨੂੰ ਖਰੀਦਣ ਲਈ 300 ਤੋਂ ਵੱਧ ਕੰਪਨੀਆਂ ਨੇ 5 ਕਰੋੜ ਰੁਪਏ ਵਿਚ ਬੋਲੀ ਦਸਤਾਵੇਜ਼ ਖਰੀਦੇ ਹਨ। ਇਸ ਵਿਚ ਪੁਰਸ਼ ਆਈ. ਪੀ. ਐੱਲ. ਟੀਮਾਂ ਦਾ ਮਾਲਕਾਨਾ ਹੱਕ ਰੱਖਣ ਵਾਲੀਆਂ 10 ਕੰਪਨੀਆਂ ਵੀ ਸ਼ਾਮਲ ਹਨ। ਅਡਾਨੀ ਗਰੁੱਪ, ਟੋਰਾਂਟੋ ਗਰੁੱਪ, ਹਲਦੀਰਾਮ ਪ੍ਰਭੂਜੀ, ਕੈਪਰੀ ਗਲੋਬਲ, ਕੋਟਕ ਤੇ ਆਦਿੱਤਿਆ ਬਿਰਲਾ ਗਰੁੱਪ ਨੇ ਵੀ ਟੀਮਾਂ ਨੂੰ ਖਰੀਦਣ ਵਿਚ ਦਿਲਚਸਪੀ ਦਿਖਾਈ ਹੈ। ਇਸ ਵਿਚ ਉਹ ਕੰਪਨੀਆਂ ਵੀ ਸ਼ਾਮਲ ਹਨ, ਜਿਹੜੀਆਂ 2021 ਵਿਚ ਪੁਰਸ਼ ਆਈ. ਪੀ. ਐੱਲ. ਦੀਆਂ ਦੋ ਨਵੀਆਂ ਟੀਮਾਂ ਨੂੰ ਖਰੀਦਣ ਵਿਚ ਅਸਫਲ ਰਹੀਆਂ ਸਨ।

ਇਹ ਵੀ ਪੜ੍ਹੋ : ਅਦਾਕਾਰਾ ਆਥੀਆ ਸ਼ੈੱਟੀ ਤੇ ਕੇ. ਐੱਲ. ਰਾਹੁਲ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ

ਆਈ. ਪੀ. ਐੱਲ. ਟੀਮਾਂ ਵਿਚ ਮੁੰਬਈ ਇੰਡੀਅਨਜ਼, ਰਾਜਸਥਾਨ ਰਾਇਲਜ਼, ਦਿੱਲੀ ਕੈਪੀਟਲਸ ਤੇ ਕੋਲਕਾਤਾ ਨਾਈਟ ਰਾਈਡਰਜ਼ ਟੀਮ ਖਰੀਦਣ ਵਿਚ ਵਧੇਰੇ ਦਿਲਚਸਪੀ ਦਿਖਾ ਸਕਦੇ ਹਨ। ਉਨ੍ਹਾਂ ਨੇ ਵਿਸ਼ਵ ਪੱਧਰ ’ਤੇ ਵੀ ਟੀਮਾਂ ਖਰੀਦੀਆਂ ਹਨ। ਬਾਜ਼ਾਰ ਦੇ ਜਾਣਕਾਰਾਂ ਦੇ ਅਨੁਸਾਰ ਵਪਾਰਕ ਘਰਾਣੇ ਟੀਮ ਖਰੀਦਣ ਲਈ ਦੋ ਸਿਧਾਤਾਂ ’ਤੇ ਆਪਣੀ ਬੋਲੀ ਲਗਾਉਂਦੇ ਹਨ। ਇਨ੍ਹਾਂ ਵਿਚ ਪਹਿਲਾ ਨਿਵੇਸ਼ ’ਤੇ ਪ੍ਰਤੀਫਲ (ਆਰ. ਓ. ਆਈ.) ਹੈ, ਜਿਹੜਾ ਕਿਸੇ ਵੀ ਵਪਾਰ ਦਾ ਮੂਲ ਸਿਧਾਂਤ ਹੈ। ਦੂਜਾ ਵਪਾਰਕ ਸਿਧਾਂਤ ਨਹੀਂ ਹੈ ਪਰ ਵਪਾਰਕ ਭਾਈਚਾਰਾ ਇਸ ਨੂੰ ਵੱਕਾਰ ਨਾਲ ਜੁੜਿਆ ਹੋਇਆ ਮੰਨਦੇ ਹਨ।

ਬੋਲੀ ਨਾਲ ਜੁੜੇ ਆਈ. ਪੀ.ਐੱਲ. ਫ੍ਰੈਂਚਾਈਜ਼ੀ ਦੇ ਇਕ ਸਾਬਕਾ ਅਧਿਕਾਰੀ ਨੇ ਕਿਹਾ, ‘‘ਮੰਨਿਆ ਕਿ ਕੋਈ ਫ੍ਰੈਂਚਾਈਜ਼ੀ ਪੰਜ ਸਾਲ ਲਈ 500 ਕਰੋੜ ਰੁਪਏ ਦੀ ਸਫਲ ਬੋਲੀ ਲਗਾਉਂਦੀ ਹੈ ਤਾਂ ਇੱਥੇ ਪ੍ਰਤੀ ਸਾਲ 100 ਕਰੋੜ ਰੁਪਏ ਹੋਣਗੇ।’’ ਫ੍ਰੈਂਚਾਈਜ਼ੀ ਦੇ ਕਮਾਈ ਦੇ ਸਰੋਤਾਂ ਦੇ ਬਾਰੇ ਵਿਚ ਉਸ ਨੇ ਕਿਹਾ,‘‘ਬੀ. ਸੀ. ਸੀ. ਆਈ. ਆਪਣੇ ਮੀਡੀਆ ਪ੍ਰਸਾਰਣ ਅਧਿਕਾਰਾਂ ਦੇ ਮਾਲੀਆ ਨੂੰ ਵੰਡਦਾ ਹੈ ਜਿਹੜਾ ਕਮਾਈ ਦਾ ਮੁੱਖ ਸਰੋਤ ਹੈ। ਦੂਜਾ ਬੀ. ਸੀ. ਸੀ. ਆਈ. ਦੇ ਸਪਾਂਸਰ ਤੋਂ ਮਿਲਣ ਵਾਲਾ ਹਿੱਸਾ ਹੈ। ਤੀਜਾ ਫ੍ਰੈਂਚਾਈਜ਼ੀ ਆਪਣੇ ਖੁਦ ਦੇ ਸਪਾਂਸਰ ਤੋਂ ਕਮਾਈ ਕਰਦੀ ਹੈ ਤੇ ਚੌਥਾ ਗੇਟ ਦੀ ਵਿੱਕਰੀ ਤੇ ਟਿਕਟਾਂ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਹੈ।’’ 5 ਮਹਿਲਾ ਟੀਮਾਂ ਦਾ ਮਹਿਲਾ ਆਈ. ਪੀ. ਐੱਲ. ਮਾਰਚ ਵਿਚ ਮੁੰਬਈ ਵਿਚ ਖੇਡਿਆ ਜਾਵੇਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News