BCCI ਨੇ ਪਾਕਿ ਅੰਪਾਇਰ ਅਸਦ ਰਾਊਫ ''ਤੇ ਲਗਾਈ 5 ਸਾਲ ਦੀ ਪਾਬੰਦੀ

02/12/2016 5:05:11 PM

ਨਵੀਂ ਦਿੱਲੀ- ਭਾਰਤੀ ਕ੍ਰਿਕਟ ਕਨਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਅੱਜ ਪਾਕਿ ਅੰਪਾਇਰ ਅਸਦ ਰਾਊਫ ''ਤੇ 5 ਸਾਲ ਦੀ ਪਾਬੰਦੀ ਲੱਗਾ ਦਿੱਤੀ ਹੈ। ਉਸ ਨੂੰ ਬੁੱਕੀ ਨਾਲ ਸਬੰਧ ਰੱਖਣ ਅਤੇ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਇਆ ਗਿਆ ਹੈ, ਜਿਸ ਤੋਂ ਬਾਅਦ ਬੀ. ਸੀ. ਸੀ. ਆਈ. ਨੇ ਉਸ ''ਤੇ ਇਹ ਪਾਬੰਦੀ ਲਗਾਈ।
ਆਈ. ਪੀ. ਐੱਲ. 2013 ''ਚ ਰਾਊਫ ਦੇ ਬੁੱਕੀ ਨਾਲ ਸਬੰਧ ਹੋਣ ਦੀ ਗੱਲ ਸਾਹਮਣੇ ਆਈ ਸੀ ਅਤੇ ਰਾਊਫ ''ਤੇ ਉਨ੍ਹਾਂ ਕੋਲੋਂ ਮਹਿੰਗੇ ਤੋਹਫੇ ਲੈਣ ਦਾ ਦੋਸ਼ ਲੱਗਾ ਸੀ। ਇਸ ਦੇ ਨਾਲ ਉਸ ਨੇ ਮੈਚਾਂ ''ਚ ਫਿਕਸਿੰਗ ਵੀ ਕੀਤੀ ਸੀ।
ਬੀ. ਸੀ. ਸੀ. ਆਈ. ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ, ''ਰਾਊਫ ਕਮੇਟੀ ਸਾਹਮਣੇ ਪੇਸ਼ ਨਹੀਂ ਹੋਏ ਪਰ ਉਸ ਨੇ 15 ਜਨਵਰੀ ਨੂੰ ਆਪਣਾ ਪੱਖ ਰੱਖਿਆ ਸੀ ਅਤੇ ਫਿਰ 8 ਫਰਵਰੀ ਨੂੰ ਲਿੱਖਿਤ ਬਿਆਨ ਵੀ ਭੇਜਿਆ ਸੀ। ਬੋਰਡ ਨੇ ਰਾਊਫ ਦੇ ਲਿੱਖਿਤ ਬਿਆਨ ਤੇ ਜਾਂਚ ਕਮੇਟੀ ਦੀ ਰਿਪੋਰਟ ''ਤੇ ਗੰਭੀਰਤਾ ਨਾਲ ਵਿਚਾਰ ਕੀਤਾ ਅਤੇ ਰਾਊਫ ਨੂੰ ਦੋਸ਼ੀ ਪਾਇਆ।'' ਇਸ ਤੋਂ ਬਾਅਦ ਭਾਰਤੀ ਕ੍ਰਿਕਟ ਬੋਰਡ ਨੇ ਰਾਊਫ ਨੂੰ 5 ਸਾਲ ਲਈ ਬੈਨ ਕਰ ਦਿੱਤਾ ਅਤੇ ਉਹ 5 ਸਾਲ ਤੱਕ ਕਿਸੇ ਵੀ ਤਰ੍ਹਾਂ ਦੀਆਂ ਗਤੀਵਿਧੀਆਂ ''ਚ ਹਿੱਸਾ ਨਹੀਂ ਲੈ ਸਕਦਾ, ਜੋ ਬੋਰਡ ਵਲੋਂ ਮਾਨਤਾ ਪ੍ਰਾਪਤ ਹਨ।''


Related News