ਬੀ. ਸੀ. ਸੀ. ਆਈ. ਨੇ ਭਾਰਤ ਵਿਰੋਧੀ ਬੈਨਰ ਦਾ ਮੁੱਦਾ ਆਈ. ਸੀ. ਸੀ. ਦੇ ਨਾਲ ਚੁੱਕਿਆ

07/07/2019 12:52:26 PM

ਲੀਡਸ : ਨਾਰਾਜ਼ ਬੀ. ਸੀ. ਸੀ. ਆਈ. ਨੇ ਹੈਡਿੰਗਲੇ ਸਟੇਡੀਅਮ ਦੇ ਉੱਪਰੋਂ ਪ੍ਰਾਈਵੇਟ ਪਲੇਨ ਨਾਲ ਭਾਰਤ ਵਿਰੋਧੀ ਬੈਨਰ ਲਹਿਰਾਉਣ ਦੇ ਮੁੱਦੇ ਨੂੰ 'ਨਾ ਮੰਜ਼ੂਰ' ਦੱਸਦਿਆਂ ਕੌਮਾਂਤਰੀ ਕ੍ਰਿਕਟ ਪਰੀਸ਼ਦ (ਆਈ. ਸੀ. ਸੀ.) ਦੇ ਸਾਹਮਣੇ ਆਪਣੇ ਖਿਡਾਰੀਆਂ ਦੀ ਸੁਰੱਖਿਆ ਦਾ ਮੁੱਦਾ ਚੁੱਕਿਆ ਹੈ। ਰਾਜਨੀਤੀ ਨਾਲ ਪ੍ਰੇਰਿਤ ਇਕ ਹੋਰ ਘਟਨਾ ਦੇ ਤਹਿਤ ਸ਼ਨੀਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਵਰਲਡ ਕੱਪ ਮੈਚ ਦੌਰਾਨ ਹੈਡਿੰਗਲੇ ਦੇ ਉੱਪਰੋਂ ਭਾਰਤ ਵਿਰੋਧੀ ਬੈਨਰ ਲਹਿਰਾਉਣ ਵਾਲਾ ਪਲੇਨ ਉੱਡਿਆ। ਇਸ ਹਾਦਸੇ ਤੋਂ ਬਾਅਦ ਬੀ. ਸੀ. ਸੀ. ਆਈ. ਨੇ ਆਈ. ਸੀ. ਸੀ. ਦੇ ਸਾਹਮਣੇ ਲਿਖਤ ਸ਼ਿਕਾਇਤ ਦਰਜ ਕਰਾਈ ਹੈ। ਮੈਚ ਦੀ ਸ਼ੁਰੂਆਤ ਦੇ ਕੁਝ ਹੀ ਮਿੰਟਾਂ ਬਾਅਦ ਮੈਦਾਨ ਦੇ ਉੱਪਰੋਂ ਇਕ ਪਲੇਨ 'ਜਸਟਿਸ ਫਾਰ ਕਸ਼ਮੀਰ' ਦੇ ਸੰਦੇਸ਼ ਨਾਲ ਉੱਡਿਆ। ਅੱਧੇ ਘੰਟੇ ਬਾਅਦ ਇਸੇ ਤਰ੍ਹਾਂ ਇਕ ਹੋਰ ਪਲੇਨ ਸਟੇਡੀਅਮ ਦੇ ਉੱਪਰੋਂ ਉੱਡਿਆ ਜੋ 'ਭਾਰਤ ਨਰਸੰਹਾਰ ਬੰਦ ਕਰੋ' ਦਾ ਬੈਨਰ ਲਹਿਰਾ ਰਿਹਾ ਸੀ। ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਪੀ. ਟੀ. ਆਈ. ਨੂੰ ਦੱਸਿਆ, ''ਇਹ ਪੂਰੀ ਤਰ੍ਹਾਂ 'ਨਾ ਮੰਜ਼ੂਰ' ਹੈ। ਅਸੀਂ ਆਈ. ਸੀ. ਸੀ. ਨੂੰ ਲਿੱਖਿਆ ਹੈ ਅਤੇ ਹੈਡਿੰਗਲੇ ਵਿਚ ਜੋ ਵੀ ਹੋਇਆ ਉਸ ਨੂੰ ਲੈ ਕੇ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਜੇਕਰ ਸੈਮੀਫਾਈਨਲ ਵਿਚ ਇਸੇ ਤਰ੍ਹਾਂ ਦੀ ਘਟਨਾ ਦੁਹਰਾਉਂਦੀ ਹੈ ਤਾਂ ਇਹ ਬੇਹੱਦ ਬਦਕਿਸਮਤੀ ਹੋਵੇਗੀ। ਸਾਡੇ ਲਈ ਖਿਡਾਰੀਆਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ।''

PunjabKesari

ਪਾਕਿਸਤਾਨ ਅਤੇ ਅਫਗਾਨਿਸਤਾਨ ਮੈਚ ਦੌਰਾਨ ਵੀ ਅਜਿਹੇ ਹੀ ਸਟੇਡੀਅਮ ਦੇ ਉੱਪਰੋਂ ਪਲੇਨ ਨਾਲ ਪਾਕਿਸਤਾਨ ਵਿਰੋਧੀ ਬੈਨਰ ਲਹਿਰਾਏ ਗਏ ਸੀ। ਇਸ ਵਿਚ ਬਲੂਚਿਸਤਾਨ ਵਿਚ ਲੋਕਾਂ ਨੂੰ ਧੱਕੇ ਨਾਲ ਅਗਵਾ ਕਰਨ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ ਸੀ। ਇਸ ਮੈਚ ਦੌਰਾਨ ਦੋਵੇਂ ਦੇਸ਼ਾਂ ਦੇ ਪ੍ਰਸ਼ੰਸਕ ਆਪਸ ਵਿਚ ਭਿੜ ਵੀ ਗਏ ਸੀ। ਸਟੇਡੀਅਮ ਵਿਚ ਝੜਪ ਤੋਂ ਬਾਅਦ ਕੁਝ ਪ੍ਰਸ਼ੰਸਕਾਂ ਨੂੰ ਬਾਹਰ ਕਰ ਦਿੱਤਾ ਗਿਆ ਸੀ। ਆਈ. ਸੀ. ਸੀ. ਦੀ ਰਾਜਨੀਤੀ ਅਤੇ ਨਸਲੀ ਸੰਦੇਸ਼ਾਂ ਖਿਲਾਫ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਹੈ ਅਤੇ 10 ਦਿਨ ਦੇ ਅੰਦਰ ਸੁਰੱਖਿਆ ਵਿਚ ਇਕ ਹੋਰ ਵੱਡੀ ਸੰਨ੍ਹ 'ਤੇ ਉਸਨੇ ਨਿਰਾਸ਼ਾ ਜ਼ਾਹਰ ਕੀਤੀ ਹੈ।

PunjabKesari

ਆਈ. ਸੀ. ਸੀ. ਨੇ ਬਿਆਨ ਵਿਚ ਕਿਹਾ, ''ਅਸੀਂ ਬੇਹੱਦ ਨਿਰਾਸ਼ ਹਾਂ ਕਿ ਦੁਬਾਰਾ ਅਜਿਹਾ ਹੋਇਆ। ਆਈ. ਸੀ. ਸੀ. ਪੁਰਸ਼ ਕ੍ਰਿਕਟ ਵਰਲਡ ਕੱਪ ਦੌਰਾਨ ਕਿਸੇ ਤਰ੍ਹਾਂ ਦੇ ਰਾਜਨੀਤਕ ਸੰਦੇਸ਼ ਦੀ ਇਜਾਜ਼ਤ ਨਹੀਂ ਦਿੰਦੀ।'' ਇੰਗਲੈਂਡ ਦੇ ਉੱਤਰ ਵਿਖੇ ਯਾਰਕਸ਼ਾਇਰ ਵਿਚ ਪਾਕਿਸਤਾਨ ਦੇ ਕਾਫੀ ਲੋਕ ਰਹਿੰਦੇ ਹਨ। ਪਤਾ ਚੱਲਿਆ ਹੈ ਕਿ 9 ਅਤੇ 11 ਜੁਲਾਈ ਨੂੰ ਹੋਣ ਵਾਲੇ 2 ਸੈਮੀਫਾਈਨਲ ਲਈ ਕ੍ਰਮਵਾਰ : ਮੈਨਚੈਸਟਰ ਦੇ ਓਲਡ ਟ੍ਰੈਫੋਰਡ ਅਤੇ ਬਰਮਿੰਘਮ ਦੇ ਐਜਬੈਸਟਨ ਦੇ ਉੱਪਰੋਂ ਪ੍ਰਾਈਵੇਟ ਪਲੇਨ ਨੂੰ ਉਡਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਸ ਸਬੰਧ ਵਿਚ ਮੈਨਚੈਸਟਰ ਅਤੇ ਯਾਰਕਸ਼ਾਇਰ ਦੇ ਪੁਲਸ ਅਫਸਰਾਂ ਨੇ ਆਈ. ਸੀ. ਸੀ. ਨੂੰ ਭਰੋਸਾ ਦਿੱਤਾ ਹੈ।


Related News