ਬਾਰਟੀ ਤੇ ਸੇਰੇਨਾ ਪ੍ਰੀ-ਕੁਆਰਟਰ ਫਾਈਨਲ ''ਚ
Saturday, Jul 06, 2019 - 08:53 PM (IST)

ਲੰਡਨ— ਵਿਸ਼ਵ ਦੀ ਨੰਬਰ ਇਕ ਖਿਡਾਰਨ ਤੇ ਟਾਪ ਸੀਡ ਆਸਟਰੇਲੀਆ ਦੀ ਐਸ਼ਲੇ ਬਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵਿੰਬਲਡਨ ਟੈਨਿਸ ਚੈਂਪੀਅਨਸ਼ਿਪ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਸਥਾਨ ਬਣਾ ਲਿਆ। ਐਸਲੇ ਨੇ ਇੰਗਲੈਂਡ ਦੀ ਹੈਰੀਅਟ ਡਾਰਟ ਨੂੰ ਸ਼ਨੀਵਾਰ ਨੂੰ ਇਕਪਾਸੜ ਅੰਦਾਜ਼ ਵਿਚ 6-1, 6-1 ਨਾਲ ਹਰਾਇਆ। ਬਾਰਟੀ ਨੇ ਇਹ ਮੁਕਾਬਲਾ 53 ਮਿੰਟ ਵਿਚ ਖਤਮ ਕੀਤਾ ਤੇ ਪਹਿਲੀ ਵਾਰ ਵਿੰਬਲਡਨ ਦੇ ਆਖਰੀ-16 ਵਿਚ ਪਹੁੰਚੀ। ਫ੍ਰੈਂਚ ਓਪਨ ਚੈਂਪੀਅਨ ਇਸ ਸਾਲ ਦੇ ਸ਼ੁਰੂ ਵਿਚ ਆਸਟਰੇਲੀਅਨ ਓਪਨ ਦੇ ਕੁਆਰਟਰ ਫਾਈਨਲ ਵਿਚ ਪਹੁੰਚੀ ਸੀ ਤੇ ਹੁਣ ਉਸ ਨੇ ਵਿੰਬਲਡਨ ਦੇ ਪ੍ਰੀ-ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਉਹ ਪਿਛਲੇ ਸਾਲ ਵਿੰਬਲਡਨ ਵਿਚ ਤੀਜੇ ਦੌਰ ਵਿਚ ਪਹੁੰਚੀ ਸੀ।
ਫ੍ਰੈਂਚ ਓਪਨ ਚੈਂਪੀਅਨ ਬਾਰਟੀ ਦਾ ਆਖਰੀ-16 ਵਿਚ ਅਮਰੀਕਾ ਦੇ ਐਲਿਸਨ ਰਿਸਕੇ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਇਕ ਹੋਰ ਮੈਚ ਵਿਚ 13ਵੀਂ ਸੀਡ ਸਵਿਟਜ਼ਰਲੈਂਡ ਦੀ ਬੇਲਿੰਡਾ ਬੇਨਸਿਚ ਨੂੰ 2 ਘੰਟੇ 9 ਮਿੰਟ ਵਿਚ 4-6, 6-4, 6-4 ਨਾਲ ਹਰਾਇਆ। 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਤੇ 11ਵੀਂ ਸੀਡ ਸੇਰੇਨਾ ਨੇ ਜਰਮਨੀ ਦੀ ਜੂਲੀਆ ਜੋਰਜਿਸ ਨੂੰ 6-3, 6-4 ਨਾਲ ਹਰਾਇਆ। ਸੇਰੇਨਾ ਦਾ ਆਖਰੀ 16 ਵਿਚ ਸਪੇਨ ਦੀ ਕਰਾਲੋ ਸੁਆਰੇਜ ਨਵਾਰੋ ਨਾਲ ਮੁਕਾਬਲਾ ਹੋਵੇਗਾ, ਜਿਸ ਨੇ ਅਮਰੀਕਾ ਦੀ ਲਾਰੇਨ ਡੇਵਿਸ ਨੂੰ ਇਕ ਘੰਟਾ 8 ਮਿੰਟ ਵਿਚ 6-3, 6-3 ਨਾਲ ਹਰਾਇਆ।
ਛੇਵੀਂ ਚੈੱਕ ਗਣਰਾਜ ਦੀ ਪੇਤ੍ਰਾ ਕਵੀਤੋਵਾ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖਦਿਆਂ ਪੋਲੈਂਡ ਦੀ ਮੇਗਦਾ ਲਿਨੇਟ ਨੂੰ 6-3, 6-2 ਨਾਲ ਜਦਕਿ ਬੈਲਜੀਅਮ ਦੀ ਐਲਿਸ ਮਾਰਟਨਸ ਨੇ ਚੀਨ ਦੀ ਕਿਯਾਂਗ ਵਾਂਗ ਨੂੰ 6-2, 6-7, 6-4 ਨਾਲ ਹਰਾਇਅਆ। ਪੁਰਸ਼ਾਂ ਵਿਚ 8ਵੀਂ ਸੀਡ ਜਾਪਾਨ ਦੇ ਕੇਈ ਨਿਸ਼ੀਕੋਰੀ ਤੇ ਅਮਰੀਕਾ ਦੇ ਸੈਮ ਕਵੇਰੀ ਨੇ ਵੀ ਆਖਰੀ-16 ਵਿਚ ਜਗ੍ਹਾ ਬਣਾ ਲਈ ਹੈ। ਨਿਸ਼ੀਕੋਰੀ ਨੇ ਅਮਰੀਕਾ ਦੇ ਸਟੀਵ ਜਾਨਸਨ ਨੂੰ 6-4, 6-3, 6-2 ਨਾਲ ਤੇ ਕਵੇਰੀ ਨੇ ਆਸਟਰੇਲੀਆ ਦੇ ਜਾਨ ਮਿਲਮੈਨ ਨੂੰ 7-6, 7-6, 6-3 ਨਾਲ ਹਰਾਇਆ।