ਬਾਰਸੀਲੋਨਾ ਨੇ 80,000 ਪ੍ਰਸ਼ੰਸਕਾਂ ਨਾਲ ਮਨਾਇਆ ਜਿੱਤ ਦਾ ਜਸ਼ਨ
Tuesday, May 16, 2023 - 07:01 PM (IST)
ਬਾਰਸੀਲੋਨਾ : ਸਪੈਨਿਸ਼ ਫੁੱਟਬਾਲ ਲੀਗ ਲਾ ਲੀਗਾ ਵਿੱਚ ਪੁਰਸ਼ ਅਤੇ ਮਹਿਲਾ ਟੀਮਾਂ ਵੱਲੋਂ ਜਿੱਤੇ ਖ਼ਿਤਾਬ ਦਾ ਜਸ਼ਨ ਮਨਾਉਣ ਲਈ ਲਗਭਗ 80,000 ਪ੍ਰਸ਼ੰਸਕ ਬਾਰਸੀਲੋਨਾ ਦੀਆਂ ਸੜਕਾਂ ’ਤੇ ਉਤਰ ਆਏ। ਬਾਰਸੀਲੋਨਾ ਪੁਰਸ਼ ਟੀਮ ਨੇ ਐਤਵਾਰ ਨੂੰ ਐਸਪਾਨਿਓਲ ਨੂੰ 4-2 ਨਾਲ ਹਰਾ ਕੇ 2019 ਤੋਂ ਬਾਅਦ ਸਪੈਨਿਸ਼ ਲੀਗ ਵਿੱਚ ਆਪਣਾ ਪਹਿਲਾ ਖਿਤਾਬ ਹਾਸਲ ਕੀਤਾ। ਲਿਓਨਲ ਮੇਸੀ ਦੇ ਬਾਰਸੀਲੋਨਾ ਛੱਡਣ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਟੀਮ ਨੇ ਲਾ ਲੀਗਾ ਖਿਤਾਬ ਜਿੱਤਿਆ ਹੈ।
ਇਹ ਵੀ ਪੜ੍ਹੋ : ਟੀ20 ਕ੍ਰਿਕਟ 'ਚ ਵਿਰਾਟ ਤੇ ਰੋਹਿਤ ਦੀ ਜਗ੍ਹਾ ਯੁਵਾ ਖਿਡਾਰੀਆਂ ਨੂੰ ਮਿਲੇ ਮੌਕਾ : ਰਵੀ ਸ਼ਾਸਤਰੀ
ਬਾਰਸੀਲੋਨਾ ਮਹਿਲਾ ਟੀਮ ਨੇ ਦੋ ਹਫਤੇ ਪਹਿਲਾਂ ਹੀ ਖਿਤਾਬ ਆਪਣੇ ਨਾਂ ਕਰ ਲਿਆ ਸੀ। ਇਨ੍ਹਾਂ ਦੋਵਾਂ ਟੀਮਾਂ ਦੇ ਖਿਡਾਰੀਆਂ ਨੇ ਸੋਮਵਾਰ ਨੂੰ ਬਾਰਸੀਲੋਨਾ ਵਿੱਚ ਖੁੱਲ੍ਹੀ ਬੱਸ ਵਿੱਚ ਪਰੇਡ ਕਰਕੇ ਆਪਣੇ ਪ੍ਰਸ਼ੰਸਕਾਂ ਨਾਲ ਜਿੱਤ ਦਾ ਜਸ਼ਨ ਮਨਾਇਆ। ਪ੍ਰਸ਼ੰਸਕ ਗੀਤ ਗਾ ਰਹੇ ਸਨ ਅਤੇ ਬਾਰਸੀਲੋਨਾ ਦਾ ਝੰਡਾ ਲਹਿਰਾ ਰਹੇ ਸਨ। ਬਾਰਸੀਲੋਨਾ ਪੁਰਸ਼ ਟੀਮ ਦੁਆਰਾ ਪਹਿਨੀ ਗਈ ਕਮੀਜ਼ 'ਤੇ ਲਿਖਿਆ ਸੀ, "ਲਾ ਲੀਗਾ ਸਾਡਾ ਹੈ ਅਤੇ ਭਵਿੱਖ ਵੀ।" ਔਰਤਾਂ ਦੀ ਕਮੀਜ਼ 'ਤੇ ਲਿਖਿਆ ਸੀ, "ਅਸੀਂ ਇਕੱਠੇ ਖੇਡਦੇ ਹਾਂ, ਅਸੀਂ ਇਕੱਠੇ ਜਿੱਤਦੇ ਹਾਂ।"
ਬਾਰਸੀਲੋਨਾ ਪੁਰਸ਼ ਟੀਮ ਨੇ ਪਹਿਲਾਂ ਹੀ ਚਾਰ ਗੇੜ ਛੱਡ ਕੇ ਆਪਣਾ 27ਵਾਂ ਲਾ ਲੀਗਾ ਖਿਤਾਬ ਹਾਸਲ ਕਰ ਲਿਆ ਹੈ। ਉਸਦੇ 34 ਮੈਚਾਂ ਵਿੱਚ 85 ਅੰਕ ਹਨ ਜਦਕਿ ਉਸਦੇ ਨਜ਼ਦੀਕੀ ਵਿਰੋਧੀ ਰੀਅਲ ਮੈਡਰਿਡ ਦੇ 34 ਮੈਚਾਂ ਵਿੱਚ 71 ਅੰਕ ਹਨ। ਬਾਰਸੀਲੋਨਾ ਨੇ ਇਸ ਸਾਲ ਸਪੈਨਿਸ਼ ਸੁਪਰ ਕੱਪ ਵੀ ਜਿੱਤਿਆ ਸੀ। ਬਾਰਸੀਲੋਨਾ ਦੀ ਮਹਿਲਾ ਟੀਮ ਨੇ ਵੀ ਚਾਰ ਮੈਚ ਪਹਿਲਾਂ ਅੱਠਵਾਂ ਖਿਤਾਬ ਆਪਣੇ ਨਾਂ ਕੀਤਾ ਸੀ। ਉਹ ਜੂਨ ਵਿੱਚ ਮਹਿਲਾ ਚੈਂਪੀਅਨਜ਼ ਲੀਗ ਦੇ ਫਾਈਨਲ ਵਿੱਚ ਵੁਲਫਸਬਰਗ ਨਾਲ ਭਿੜੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।