ਬੰਗਲਾਦੇਸ਼ੀ ਕਪਤਾਨ ਨੇ ਕੋਹਲੀ ਦੀ ਗੈਰਮੌਜੂਦਗੀ ''ਤੇ ਦਿੱਤਾ ਇਹ ਬਿਆਨ
Friday, Sep 21, 2018 - 11:30 AM (IST)

ਨਵੀਂ ਦਿੱਲੀ— ਬੰਗਲਾਦੇਸ਼ ਦੇ ਕਪਤਾਨ ਮਸ਼ਰਫੇ ਮੁਰਤਜਾ ਦਾ ਕਹਿਣਾ ਹੈ ਕਿ ਏਸ਼ੀਆ ਕੱਪ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਦੇ ਬਾਹਰ ਹੋਣ 'ਤੇ ਇੰਨੀ ਚਰਚਾ ਕਿਉਂ ਹੋ ਰਹੀ ਹੈ? ਸਾਡਾ ਸਟਾਰ ਖਿਡਾਰੀ ਤਮੀਮ ਇਕਬਾਲ ਵੀ ਤਾਂ ਨਹੀਂ ਖੇਡ ਰਿਹਾ ਹੈ। ਦੱਸ ਦਈਏ ਕਿ ਇੰਗਲੈਂਡ ਦੇ ਲੰਬੇ ਦੌਰੇ ਦੇ ਬਾਅਦ ਕੋਹਲੀ ਨੂੰ ਏਸ਼ੀਆ ਕੱਪ ਲਈ ਆਰਾਮ ਦਿੱਤਾ ਗਿਆ ਹੈ। ਅੱਜ ਟੀਮ ਇੰਡੀਆ ਬੰਗਲਾਦੇਸ਼ ਦੇ ਖਿਲਾਫ ਸੁਪਰ ਫੋਰ ਦਾ ਪਹਿਲਾ ਮੈਚ ਖੇਡਣ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਉਤਰੇਗੀ।
ਕੋਹਲੀ ਬਾਰੇ ਗੱਲ ਕਰਦੇ ਹੋਏ ਮੁਰਤਜਾ ਨੇ ਕਿਹਾ, ''ਸਿਰਫ ਕੋਹਲੀ ਦੇ ਏਸ਼ੀਆ ਕੱਪ 'ਚ ਨਹੀਂ ਖੇਡਣ ਦੇ ਬਾਰੇ 'ਚ ਕਿਉਂ ਗੱਲ ਹੋ ਰਹੀ ਹੈ? ਬੰਗਲਾਦੇਸ਼ ਦੇ ਤਮੀਮ ਇਕਬਾਲ ਵੀ ਏਸ਼ੀਆ ਕੱਪ 'ਚ ਨਹੀਂ ਖੇਡ ਰਹੇ ਹਨ, ਉਹ ਸਾਡੇ ਸਟਾਰ ਹਨ। ਉਨ੍ਹਾਂ ਪਹਿਲਾਂ ਵੀ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ, ਉਨ੍ਹਾਂ ਦੀ ਗੈਰ ਮੌਜੂਦਗੀ 'ਚ ਵਿਰੋਧੀ ਟੀਮ ਨੂੰ ਫਾਇਦਾ ਮਿਲੇਗਾ। ਹਾਲਾਂਕਿ ਇਸ ਨਾਲ ਦੂਜਿਆਂ ਨੂੰ ਨਵੇਂ ਮੌਕੇ ਵੀ ਮਿਲਦੇ ਹਨ।''
ਅੱਜ ਹੋਣ ਵਾਲੇ ਮੈਚ ਦੇ ਬਾਰੇ 'ਚ ਗੱਲ ਕਰਦੇ ਹੋਏ ਉਹ ਬੋਲੇ, ''ਕੋਈ ਵੀ ਖੇਡ ਸਟਾਰਸ ਦੀ ਵਜ੍ਹਾ ਨਾਲ ਨਹੀਂ ਚਲਦਾ, ਤੁਹਾਨੂੰ ਫੀਲਡ 'ਤੇ ਪਰਫਾਰਮ ਕਰਨਾ ਹੁੰਦਾ ਹੈ। ਅਸੀਂ ਪਲਾਨਿੰਗ ਕਰ ਸਕਦੇ ਹਾਂ ਅਤੇ ਆਪਣੇ ਪ੍ਰਦਰਸ਼ਨ ਨਾਲ ਉਨ੍ਹਾਂ 'ਤੇ (ਟੀਮ ਇੰਡੀਆ) ਹਮਲਾਵਰ ਹੋ ਸਕਦੇ ਹਾਂ।'' ਉਨ੍ਹਾਂ ਅੱਗੇ ਕਿਹਾ, ਆਖਰੀ ਵਾਰ ਅਸੀਂ ਭਾਰਤ ਖਿਲਾਫ ਪਿਛਲੇ ਸਾਲ ਚੈਂਪੀਅਨਸ ਟਰਾਫੀ ਦਾ ਸੈਮੀਫਾਈਨਲ ਮੈਚ ਖੇਡਿਆ ਸੀ। ਅਸੀਂ ਉਨ੍ਹਾਂ ਨੂੰ ਇਕ ਘਰੇਲੂ ਸੀਰੀਜ਼ 'ਚ ਹਰਾ ਚੁੱਕੇ ਹਾਂ ਅਤੇ ਟੀ-20 ਵਰਲਡ ਕੱਪ 'ਚ ਹਰਾਉਣ ਦੇ ਕਰੀਬ ਪਹੁੰਚ ਗਏ ਸਨ। ਅਸੀਂ ਭਾਰਤ ਹੀ ਨਹੀਂ, ਹਰ ਵਿਰੋਧੀ ਟੀਮ ਦੇ ਖਿਲਾਫ ਜਿੱਤਣਾ ਚਾਹੁੰਦੇ ਹਾਂ।''