ਵਿੰਡੀਜ਼ ਨੂੰ ਪਾਰੀ ਨਾਲ ਦਰੜ ਕੇ ਬੰਗਲਾਦੇਸ਼ ਨੇ ਜਿੱਤੀ ਸੀਰੀਜ਼

12/02/2018 11:44:16 PM

ਢਾਕਾ— ਆਫ ਸਪਿਨਰ ਮੇਹਦੀ ਹਸਨ (117 ਦੌੜਾਂ 'ਤੇ 12 ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਦੇ ਦਮ 'ਤੇ ਬੰਗਲਾਦੇਸ਼ ਨੇ ਵਿੰਡੀਜ਼ ਨੂੰ ਦੂਸਰੇ ਕ੍ਰਿਕਟ ਟੈਸਟ ਮੈਚ ਦੇ ਤੀਸਰੇ ਦਿਨ ਹੀ ਪਾਰੀ ਅਤੇ 184 ਦੌੜਾਂ ਨਾਲ ਦਰੜ ਕੇ 2 ਮੈਚਾਂ ਦੀ ਸੀਰੀਜ਼ 'ਚ 2-0 ਨਾਲ ਕਲੀਨ ਸਵੀਪ ਕਰ ਲਈ। ਬੰਗਲਾਦੇਸ਼ ਦੇ ਟੈਸਟ ਇਤਿਹਾਸ ਵਿਚ ਇਹ ਸਭ ਤੋਂ ਵੱਡੀ ਜਿੱਤ ਅਤੇ ਪਹਿਲੀ ਵਾਰ ਪਾਰੀ ਨਾਲ ਜਿੱਤ ਹੈ।  ਬੰਗਲਾਦੇਸ਼ ਨੇ ਪਹਿਲੀ ਪਾਰੀ ਵਿਚ 508 ਦੌੜਾਂ ਦਾ ਵਿਸ਼ਾਲ ਸਕੋਰ ਬਣਾਇਆ।
ਵਿੰਡੀਜ਼ ਦੀ ਟੀਮ ਪਹਿਲੀ ਪਾਰੀ ਵਿਚ 111 ਦੌੜਾਂ 'ਤੇ ਢੇਰ ਹੋ ਗਈ ਅਤੇ ਉਸ ਨੂੰ ਫਾਲੋਆਨ ਕਰਨਾ ਪਿਆ। ਮੇਹਦੀ ਹਸਨ ਨੇ ਪਹਿਲੀ ਪਾਰੀ ਵਿਚ 16 ਓਵਰਾਂ ਵਿਚ 58 ਦੌੜਾਂ ਦੇ ਕੇ 7 ਵਿਕਟਾਂ ਹਾਸਲ ਕੀਤੀਆਂ। ਵਿੰਡੀਜ਼ ਨੇ ਤੀਸਰੇ ਦਿਨ ਸਵੇਰੇ ਦੂਸਰੀ ਪਾਰੀ ਵਿਚ 5 ਵਿਕਟਾਂ 'ਤੇ 75 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਉਸ ਦੀ ਦੂਸਰੀ ਪਾਰੀ 59.2 ਓਵਰਾਂ ਵਿਚ 213 ਦੌੜਾਂ 'ਤੇ ਹੀ ਖਤਮ ਹੋ ਗਈ। ਸ਼ਿਮਰੋਨ ਹੈਟਮਾਇਰ ਨੇ ਇਕਤਰਫਾ ਸੰਘਰਸ਼ ਕਰਦੇ ਹੋਏ 92 ਗੇਂਦਾਂ ਵਿਚ 1 ਚੌਕੇ ਅਤੇ 9 ਛੱਕਿਆਂ ਦੀ ਮਦਦ ਨਾਲ 93 ਦੌੜਾਂ ਦੀ ਹਮਲਾਵਰ ਪਾਰੀ ਖੇਡੀ। ਮੇਹਦੀ ਹਸਨ ਨੇ 20 ਓਵਰਾਂ ਵਿਚ 59 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ। ਮੈਚ ਵਿਚ 12 ਵਿਕਟਾਂ ਪੂਰੀਆਂ ਕਰ ਕੇ 1 ਟੈਸਟ ਵਿਚ ਉਸ ਨੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕੀਤਾ। ਹਸਨ ਨੇ ਬੰਗਲਾਦੇਸ਼ ਵਲੋਂ ਸਰਵਸ੍ਰੇਸ਼ਠ ਪ੍ਰਦਰਸ਼ਨ ਦਾ ਆਪਣਾ ਹੀ ਰਿਕਾਰਡ ਤੋੜਿਆ। ਤੈਜੁਲ ਇਸਲਾਮ ਨੂੰ 40 ਦੌੜਾਂ 'ਤੇ 3 ਵਿਕਟਾਂ ਮਿਲੀਆਂ। 5 ਮਹੀਨੇ ਪਹਿਲਾਂ ਬੰਗਲਾਦੇਸ਼ ਨੂੰ ਵੈਸਟਇੰਡੀਜ਼ ਵਿਚ 0-2 ਦੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਉਸ ਨੇ 2-0 ਦੀ ਜਿੱਤ ਨਾਲ ਉਸ ਹਾਰ ਦਾ ਬਦਲਾ ਲੈ ਲਿਆ।


Related News