ਬੰਗਲਾਦੇਸ਼ ਨੇ ਆਇਰਲੈਂਡ ਨੂੰ ਮੀਂਹ ਪ੍ਰਭਾਵਿਤ ਟੀ-20 ’ਚ ਹਰਾਇਆ
Tuesday, Mar 28, 2023 - 01:35 PM (IST)
ਚਟਗਾਂਵ– ਰੋਨੀ ਤਾਲੁਕਦਾਰ ਦੇ ਪਹਿਲੇ ਅਰਧ ਸੈਂਕੜੇ ਦੀ ਮਦਦ ਨਾਲ ਬੰਗਲਾਦੇਸ਼ ਨੇ ਮੀਂਹ ਪ੍ਰਭਾਵਿਤ ਪਹਿਲੇ ਟੀ-20 ਮੈਚ ’ਚ ਆਇਰਲੈਂਡ ਨੂੰ ਡਕਵਰਥ ਲੂਈਸ ਨਿਯਮ ਦੇ ਤਹਿਤ 22 ਦੌੜਾਂ ਨਾਲ ਹਰਾ ਦਿੱਤਾ। ਤਾਲੁਕਦਾਰ ਨੇ 28 ਗੇਂਦਾਂ ’ਚ 7 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 67 ਦੌੜਾਂ ਬਣਾਈਆਂ। ਬੰਗਲਾਦੇਸ਼ ਨੇ ਮੀਂਹ ਕਾਰਨ ਖੇਡ ’ਚ ਅੜਿੱਕਾ ਪੈਣ ਤੋਂ ਪਹਿਲਾਂ 5 ਵਿਕਟਾਂ ’ਤੇ 207 ਦੌੜਾਂ ਬਣਾ ਲਈਆਂ ਸਨ। ਆਇਰਲੈਂਡ ਨੂੰ 8 ਓਵਰਾਂ ’ਚ 108 ਦੌੜਾਂ ਦਾ ਸੋਧਿਆ ਟੀਚਾ ਮਿਲਿਆ ਪਰ ਉਹ 5 ਵਿਕਟਾਂ ’ਤੇ 81 ਦੌੜਾਂ ਹੀ ਬਣਾ ਸਕੀ।
ਬੰਗਲਾਦੇਸ਼ ਲਈ ਤਾਲੁਕਦਾਰ ਤੇ ਲਿਟਨ ਦਾਸ ਨੇ ਪਹਿਲੇ ਪਾਵਰਪਲੇਅ ’ਚ 81 ਦੌੜਾਂ ਜੋੜੀਆਂ। ਤੇਜ਼ ਗੇਂਦਬਾਜ਼ ਕ੍ਰੇਗ ਯੰਗ ਨੇ ਲਿਟਨ ਨੂੰ 8ਵੇਂ ਓਵਰ ’ਚ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਤੋੜਿਆ। ਲਿਟਨ ਨੇ 23 ਗੇਂਦਾਂ ’ਤੇ 4 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ 47 ਦੌੜਾਂ ਬਣਾਈਆਂ। ਹੈਰੀ ਟੇਕਟਰ ਨੇ ਨਜਮੁਲ ਹੁਸੈਨ ਸ਼ਾਂਟੋ ਨੂੰ 14 ਦੌੜਾਂ ’ਤੇ ਪੈਵੇਲੀਅਨ ਭੇਜਿਆ ਜਦਕਿ ਤੇਜ਼ ਗੇਂਦਬਾਜ਼ ਤਾਲੁਕਦਾਰ ਨੂੰ ਆਊਟ ਕੀਤਾ। ਸ਼ਮੀਮ ਹੁਸੈਨ ਨੇ 20 ਗੇਂਦਾਂ ’ਤੇ 30 ਦੌੜਾਂ ਬਣਾਈਆਂ ਤੇ ਕਪਤਾਨ ਸ਼ਾਕਿਬ ਅਲ ਹਸਨ 13 ਗੇਂਦਾਂ ’ਚ 20 ਦੌੜਾਂ ਬਣਾ ਕੇ ਅਜੇਤੂ ਰਿਹਾ। ਦੂਜਾ ਮੈਚ ਬੁੱਧਵਾਰ ਨੂੰ ਖੇਡਿਆ ਜਾਵੇਗਾ।