ਪਾਬੰਦੀ ਤੋਂ ਬਾਅਦ 138 ਦੌੜਾਂ ਦੀ ਪਾਰੀ ਖੇਡ ਇਸ ਖਿਡਾਰੀ ਨੇ ਕੀਤੀ ਧਮਾਕੇਦਾਰ ਵਾਪਸੀ
Tuesday, Feb 26, 2019 - 04:09 PM (IST)

ਸਪੋਰਟਸ ਡੈਸਕ : ਬਾਲ ਟੈਂਪਰਿੰਗ ਮਾਮਲੇ ਵਿਚ ਬੈਨ ਤੋਂ ਬਾਅਦ ਆਸਟਰੇਲੀਆਈ ਕ੍ਰਿਕਟਰ ਕੈਮਰਾਨ ਬੈਨਕ੍ਰਾਫਟ ਨੇ ਧਮਾਕੇਦਾਰ ਵਾਪਸੀ ਕੀਤੀ ਹੈ। ਬੈਨਕ੍ਰਾਫਟ ਨੇ ਹਾਲ ਹੀ 'ਚ ਸ਼ੇਫੀਲਡ ਖਿਲਾਫ ਪਹਿਲੇ ਫਰਸਟ ਕਲਾਸ ਮੁਕਾਬਲੇ ਵਿਚ 138 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਦੌਰਾਨ ਉਸ ਨੇ 8 ਚੌਕੇ ਅਤੇ 3 ਛੱਕੇ ਵੀ ਲਾਏ। ਇਸ ਪਾਰੀ ਤੋਂ ਬੈਨਕ੍ਰਾਫਟ ਨੇ ਕੌਮਾਂਤਰੀ ਕ੍ਰਿਕਟ ਵਿਚ ਵਾਪਸੀ ਦਾ ਸੰਕੇਤ ਦੇ ਦਿੱਤਾ ਹੈ।
ਬੈਨਕ੍ਰਾਫਟ ਦੀ ਬਿਹਤਰੀਨ ਪਾਰੀ ਦੀ ਬਦੌਲਤ ਹੀ ਵੈਸਟਰਨ ਆਸਟਰੇਲੀਆ 279 ਦੌੜਾਂ ਬਣਾਉਣ 'ਚ ਕਾਮਯਾਬ ਹੋ ਸਕੀ। ਨਿਊ ਸਾਊਥਵੇਲਸ ਨੇ ਵੈਸਟਰਨ ਆਸਟਰੇਲੀਆ ਦੇ ਜਵਾਬ 'ਚ ਪਹਿਲੀ ਪਾਰੀ ਵਿਚ 8 ਵਿਕਟਾਂ ਗੁਆ ਕੇ 477 ਦੌੜਾਂ ਬਣਾਈਆਂ ਜਿਸ ਕਾਰਨ ਉਨ੍ਹਾਂ ਨੂੰ 198 ਦੌੜਾਂ ਦੀ ਬੜ੍ਹਤ ਹਾਸਲ ਹੋਈ। ਫਿਲਹਾਲ ਸਮਿਥ ਜ਼ਖਮੀ ਹੈ ਅਤੇ ਰਿਕਵਰੀ ਕਰ ਰਹੇ ਹਨ ਅਤੇ ਸ਼ਾਇਦ ਹੀ ਅਪ੍ਰੈਲ ਤੋਂ ਵਾਪਸੀ ਕਰ ਸਕੇ। ਉੱਥੇ ਹੀ ਜੇਕਰ ਡੇਵਿਡ ਵਾਰਨਰ ਦੀ ਗੱਲ ਕਰੀਏ ਤਾਂ ਪਾਬੰਦੀ ਹਟਣ ਤੋਂ ਬਾਅਦ ਉਹ ਆਈ. ਪੀ. ਐੱਲ. ਜਾਂ ਕੌਮਾਂਤਰੀ ਮੈਚ ਖੇਡਦੇ ਦਿਖਾਈ ਦੇ ਸਕਦੇ ਹਨ।
ਜ਼ਿਕਰਯੋਗ ਹੈ ਕਿ ਮਾਰਚ 2018 ਵਿਚ ਬਾਲ ਟੈਂਪਰਿੰਗ ਮਾਮਲੇ ਵਿਚ ਫੜੇ ਜਾਣ ਤੋਂ ਬਾਅਦ ਸਟੀਵਨ ਸਮਿਥ, ਡੇਵਿਡ ਵਾਰਨਰ ਅਤੇ ਕੈਮਰਾਨ ਬੈਨਕ੍ਰਾਫਟ 'ਤੇ ਪਾਬੰਦੀ ਲਾ ਦਿੱਤੀ ਗਈ ਸੀ। ਸਮਿਥ ਅਤੇ ਵਾਰਨਰ 'ਤੇ ਇਕ-ਇਕ ਸਾਲ ਜਦਕਿ ਬੈਨਕ੍ਰਾਫਟ 'ਤੇ 9 ਮਹੀਨੇ ਦੀ ਪਾਬੰਦੀ ਲੱਗੀ ਸੀ। ਬੈਨਕ੍ਰਾਫਟ 'ਤੇ ਲੱਗੀ ਪਾਬੰਦੀ ਜਾਨਵਰੀ ਵਿਚ ਹੀ ਖਤਮ ਹੋ ਗਈ ਸੀ ਜਦਕਿ ਸਮਿਥ ਅਤੇ ਵਾਰਨਰ ਦੀ ਪਾਬੰਦੀ ਮਾਰਚ ਦੇ ਚੌਥੇ ਵਿਚ ਖਤਮ ਹੋਵੇਗੀ।