ਗੇਂਦ ਨਾਲ ਛੇੜਛਾੜ ਮਾਮਲਾ : ਬ੍ਰਾਡ ਨੇ ਵਾਰਨਰ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Tuesday, May 18, 2021 - 03:30 PM (IST)

ਗੇਂਦ ਨਾਲ ਛੇੜਛਾੜ ਮਾਮਲਾ : ਬ੍ਰਾਡ ਨੇ ਵਾਰਨਰ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਸਪੋਰਟਸ ਡੈਸਕ : ਦੱਖਣੀ ਅਫਰੀਕਾ ’ਚ 2018 ਵਿਚ ਖੇਡੀ ਗਈ ਟੈਸਟ ਸੀਰੀਜ਼ ਦੌਰਾਨ ਸਾਹਮਣੇ ਆਏ ਗੇਂਦ ਨਾਲ ਛੇੜਛਾੜ ਮਾਮਲੇ ’ਚ ਹਾਲ ਹੀ  ’ਚ ਕੈਮਰਨ ਬੈਨਕ੍ਰਾਫਟ ਦੇ ਖੁਲਾਸੇ ਤੋਂ ਬਾਅਦ ਇਹ ਵਿਵਾਦ ਫਿਰ ਵਧਦਾ ਨਜ਼ਰ ਆ ਰਿਹਾ ਹੈ। ਉਥੇ ਹੀ ਇਸ ਮਾਮਲੇ ’ਤੇ ਦੁਬਾਰਾ ਜਾਂਚ ਦੀ ਜਾਣਕਾਰੀ ਵੀ ਸਾਹਮਣੇ ਆਈ ਹੈ। ਹੁਣ ਇਸ ਮਾਮਲੇ ’ਤੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਸਟੁਅਰਟ ਬ੍ਰਾਡ ਨੇ ਕਿਹਾ ਕਿ ਇਸ ਵਿਵਾਦ ’ਤੇ ਡੇਵਿਡ ਵਾਰਨਰ ਸੰਨਿਆਸ ਤੋਂ ਬਾਅਦ ਕੀ ਬੋਲਣਗੇ ਇਹ ਕਾਫ਼ੀ ਦਿਲਚਸਪ ਹੋਵੇਗਾ।

PunjabKesari

ਗੇਂਦ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਾਂਚ ਹੋਈ ਤੇ ਉਸ ਸਮੇਂ ਦੇ ਕਪਤਾਨ ਸਟੀਵ ਸਮਿਥ, ਉਪ ਕਪਤਾਨ ਡੇਵਿਡ ਵਾਰਨਰ ਤੇ ਕੈਮਰਨ ਬੈਨਕ੍ਰਾਫਟ ਨੂੰ ਦੋਸ਼ੀ ਪਾਇਆ ਗਿਆ ਸੀ। ਇਸ ਤੋਂ ਬਾਅਦ ਸਮਿਥ ਤੇ ਵਾਰਨਰ ’ਤੇ ਇਕ-ਇਕ ਸਾਲ ਤੇ ਬੈਨਕ੍ਰਾਫਟ ’ਤੇ 9 ਮਹੀਨਿਆਂ ਦੀ ਪਾਬੰਦੀ ਲਾਈ ਗਈ ਸੀ। ਇਕ ਸਪੋਰਟਸ ਵੈੱਬਸਾਈਟ ਨਾਲ ਗੱਲਬਾਤ ਦੌਰਾਨ ਬ੍ਰਾਡ ਨੇ ਕਿਹਾ ਮੈਂ ਕਦੀ ਆਸਟਰੇਲੀਆ ਲਈ ਗੇਂਦਬਾਜ਼ੀ ਨਹੀਂ ਕੀਤੀ ਹੈ ਪਰ ਮੈਂ ਇੰਗਲੈਂਡ ਟੈਸਟ ਟੀਮ ਦੀ ਗੱਲ ਦੱਸ ਸਕਦਾ ਹਾਂ।

PunjabKesari

ਉਨ੍ਹਾਂ ਨੇ ਕਿਹਾ ਜੇ ਮੈਂ ਗੇਂਦ ਦੀ ਸੀਮ ਨੂੰ ਚਾਰ ਮਿਲੀਮੀਟਰ ਦੇ ਫਰਕ ਨਾਲ ਵੀ ਮਿਸ ਕਰ ਦਿੰਦਾ ਹਾਂ ਤਾਂ ਜੇਮਸ ਐਂਡਰਸਨ ਮੇਰੇ ਪਿੱਛੇ ਪੈ ਜਾਂਦੇ ਹਨ। ਉਹ ਮੈਨੂੰ ਕਹਿੰਦੇ ਹਨ ਕਿ ਗੇਂਦ ਉਤੇ ਇਹ ਨਿਸ਼ਾਨ ਕਿਉਂ ਹਨ ਕਿਉਂਕਿ ਤੁਸੀਂ ਸੀਮ ’ਤੇ ਗੇਂਦ ਨਹੀਂ ਸੁੱਟੀ। ਸੀਮ ’ਤੇ ਗੇਂਦ ਸੁੱਟਣਾ ਸ਼ੁਰੂ ਕਰੋ। ਬ੍ਰਾਡ ਨੇ ਕਿਹਾ, ਆਸਟਰੇਲੀਆਈ ਟੀਮ ਲਈ ਇਹ ਮੁਸ਼ਕਿਲ ਦੌਰ ਰਿਹਾ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਡੇਵਿਡ ਵਾਰਨਰ ਜਦੋਂ ਕ੍ਰਿਕਟ ਤੋਂ ਸੰਨਿਆਸ ਲੈਂਦੇ ਹਨ ਤੇ ਕਿਤਾਬ ਲਿਖਦੇ ਹਨ, ਤਾਂ ਇਸ ਬਾਰੇ ਕੁਝ ਬੋਲਣਗੇ। ਜ਼ਿਕਰਯੋਗ ਹੈ ਕਿ ਹਾਲ ਹੀ ’ਚ ਵਾਰਨਰ ਦੇ ਮੈਨੇਜਰ ਜੇਮਸ ਐਰਸਕਿਨ ਨੇ ਜਾਂਚ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਸੀ ਕਿ ਕੀਤੀ ਗਈ ਜਾਂਚ ‘ਮਜ਼ਾਕ’ ਸੀ ਤੇ 2018 ’ਚ ਨਿਊ ਲੈਂਡਸ ’ਚ ਦੱਖਣੀ ਅਫਰੀਕਾ ਖ਼ਿਲਾਫ਼ ਇਕ ਟੈਸਟ ਮੈਚ ਦੌਰਾਨ ਬੈਨਕ੍ਰਾਫਟ ਨੂੰ ਕ੍ਰਿਕਟ ਗੇਂਦ ’ਤੇ ਸੈਂਡ ਪੇਪਰ ਦੀ ਵਰਤੋਂ ਕਰਦੇ ਹੋਏ ਕੈਮਰੇ ’ਚ ਕੈਦ ਹੋਣ ਤੋਂ ਬਾਅਦ ਕਮੇਟੀ ਨੇ ਸਾਰੇ ਖਿਡਾਰੀਆਂ ਤੋਂ ਪੁੱਛਗਿੱਛ ਨਹਂ ਕੀਤੀ। ਬੈਨਕ੍ਰਾਫਟ, ਵਾਰਨਰ ਤੇ ਸਮਿਥ ’ਤੇ ਕ੍ਰਿਕਟ ਆਸਟਰੇਲੀਆ ਨੇ ਪਾਬੰਦੀ ਲਾਈ। ਇਹ ਸਾਹਮਣੇ ਆਇਆ ਕਿ ਵਾਰਨਰ ਨੇ ਬੈਨਕ੍ਰਾਫਟ ਨੂੰ ਗੇਂਦ ਨਾਲ ਛੇੜਛਾੜ ਕਰਨ ਲਈ ਕਿਹਾ ਸੀ, ਜਦਕਿ ਤੱਤਕਾਲੀ ਕਪਤਾਨ ਸਮਿਥ ਨੇ ਉਕਤ ਟੈਸਟ ਦੌਰਾਨ ਇਸ ਨੂੰ ਰੋਕਣ ਲਈ ਕੁਝ ਨਹੀਂ ਕੀਤਾ।
 


author

Manoj

Content Editor

Related News