ਬਜਰੰਗ ਤੇ ਰਵੀ ਨੇ ਵਰਲਡ ਚੈਂਪੀਅਨਸ਼ਿਪ ਦਾ ਟਿਕਟ ਕਟਵਾਇਆ
Friday, Jul 26, 2019 - 03:05 PM (IST)

ਨਵੀਂ ਦਿੱਲੀ— ਸਟਾਰ ਪਹਿਲਵਾਨ ਬਜਰੰਗ ਪੂਨੀਆ ਨੂੰ ਵਰਲਡ ਚੈਂਪੀਅਨਸ਼ਿਪ 'ਚ ਜਗ੍ਹਾ ਪੱਕੀ ਕਰਨ ਲਈ ਚਾਰ ਮਿੰਟ ਤੋਂ ਵੀ ਘੱਟ ਦਾ ਸਮਾਂ ਲੱਗਾ ਜਦਕਿ ਰਵੀ ਕੁਮਾਰ ਦਹੀਆ ਨੇ ਸ਼ੁੱਕਰਵਾਰ ਨੂੰ ਇੱਥੇ ਚੋਣ ਟ੍ਰਾਇਲਸ ਦਾ ਸਭ ਤੋਂ ਦਿਲਚਸਪ ਮੁਕਾਬਲਾ ਜਿੱਤ ਕੇ ਇਸ ਦਾ ਟਿਕਟ ਕਟਾਇਆ। ਵਿਸ਼ਵ ਚੈਂਪੀਅਨਸ਼ਿਪ ਦਾ ਆਯੋਜਨ ਕਜ਼ਾਖਸਤਾਨ 'ਚ 14 ਤੋਂ 22 ਸਤੰਬਰ ਤਕ ਹੋਵੇਗਾ। ਇਹ ਟੂਰਨਾਮੈਂਟ ਓਲੰਪਿਕ ਕੁਆਲੀਫਾਇੰਗ ਪ੍ਰਤੀਯੋਗਿਤਾ ਹੈ। ਬਜਰੰਗ ਦੀ 65 ਕਿਲੋਗ੍ਰਾਮ ਭਾਰਵਰਗ 'ਚ ਮੌਜੂਦਗੀ ਦੇ ਕਾਰਨ ਜ਼ਿਆਦਾਤਰ ਪਹਿਲਵਾਨਾਂ ਨੇ ਖੁਦ ਨੂੰ ਇਸ ਮੁਕਾਬਲੇ ਤੋਂ ਦੂਰ ਰਖਿਆ। ਉਨ੍ਹਾਂ ਨੂੰ ਚੁਣੌਤੀ ਦੇਣ ਸਿਰਫ ਮੌਜੂਦਾ ਰਾਸ਼ਟਰੀ ਚੈਂਪੀਅਨ ਹਰਫੁਲ ਸਿੰਘ ਪਹੁੰਚੇ। ਵਿਸ਼ਵ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਕਾਬਜ ਬਜਰੰਗ ਨੂੰ ਹਾਲਾਂਕਿ ਹਰਫੁਲ ਚੁਣੌਤੀ ਨਹੀਂ ਦੇ ਸਕੇ। ਹਰਫੁਲ ਗੋਡੇ 'ਚ ਸੱਟ ਕਾਰਨ ਮੁਕਾਬਲੇ ਦੇ ਦੂਜੇ ਦੌਰ ਤਕ ਮੁਕਾਬਲਾ ਵੀ ਨਹੀਂ ਕਰ ਸਕੇ।
ਦੂਜੇ ਦੌਰ 'ਚ ਬਜਰੰਗ ਨੇ ਉਨ੍ਹਾਂ ਦੇ ਸੱਜੇ ਪੈਰ 'ਤੇ ਮਜ਼ਬੂਤ ਪਕੜ ਬਣਾਈ ਜਿਸ ਨਾਲ ਉਹ ਪਾਰ ਨਾ ਪਾ ਸਕੇ। ਮੁਕਾਬਲਾ (ਬਾਊਟ) ਰੋਕੇ ਜਾਂਦੇ ਸਮੇਂ ਬਜਰੰਗ 7-0 ਨਾਲ ਅੱਗੇ ਸਨ। ਪ੍ਰਤਿਭਾਸ਼ਾਲੀ ਸੰਦੀਪ ਤੋਮਰ ਅਤੇ ਉਤਕਰਸ਼ ਕਾਲੇ ਸਮੇਤ 7 ਪਹਿਲਵਾਨ 57 ਕਿਲੋਗ੍ਰਾਮ ਵਰਗ 'ਚ ਸ਼ਾਮਲ ਸਨ। ਹਾਲਾਂਕਿ ਪਿਛਲੇ ਸਾਲ ਅੰਡਰ-23 ਵਰਲਡ ਚੈਂਪੀਅਨਸ਼ਿਪ ਦੇ ਚਾਂਦੀ ਤਮਗਾ ਜੇਤੂ ਰਵੀ ਨੇ ਇਸ 'ਚ ਬਾਜ਼ੀ ਮਾਰ ਕੇ ਕਜ਼ਾਖਸਤਾਨ ਦਾ ਟਿਕਟ ਕਟਾਇਆ। ਕੋਚ ਵਰਿੰਦਰ ਦੀ ਦੇਖ ਰੇਖ 'ਚ ਛਤਰਸਾਲ ਸਟੇਡੀਅਮ 'ਚ ਸਿਖਲਾਈ ਲੈਣ ਵਾਲੇ ਰਵੀ ਨੇ ਫਾਈਨਲ ਮੁਕਾਬਲੇ 'ਚ ਰਾਹੁਲ ਨੂੰ 12-2 ਨਾਲ ਹਰਾਇਆ। ਰਾਹੁਲ ਨੇ ਇਸ ਤੋਂ ਪਹਿਲਾਂ 2016 ਦੇ ਏਸ਼ੀਆਈ ਚੈਂਪੀਅਨ ਸੰਦੀਪ ਤੋਮਰ ਨੂੰ ਹਰਾਇਆ ਸੀ ਜਦਕਿ ਰਵੀ ਨੇ ਕਾਲੇ ਨੂੰ ਹਰਾਇਆ ਸੀ।